India

ਸ਼ਹੀਦ ਅੰਸ਼ੁਮਨ ਦੀ ਮਾਤਾ ਨੇ ਆਪਣੀ ਨੂੰਹ ਦੇ ਲਗਾਏ ਅਰੋਪ, ਫੌਜ ਨੂੰ ਦਿੱਤੀ ਇਹ ਸਲਾਹ

ਸਿਆਚਿਨ ਵਿੱਚ 19 ਜੁਲਾਈ 2023 ਨੂੰ ਫੌਜ ਦੇ ਤੰਬੂ ਨੂੰ ਲੱਗੀ ਅੱਗ ਵਿੱਚ ਸ਼ਹੀਦ ਹੋਏ ਦੇਵਰੀਆ ਦੇ ਕੈਪਟਨ ਅੰਸ਼ੁਮਨ ਦੇ ਪਰਿਵਾਰ ਨੂੰ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਵਿੱਚੋਂ 1 ਕਰੋੜ ਰੁਪਏ ਦਿੱਤੇ ਗਏ ਸਨ। ਇਹ ਰਕਮ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਬਰਾਬਰ ਵੰਡੀ ਗਈ ਸੀ। ਸ਼ਹੀਦ ਦੇ ਮਾਪਿਆਂ ਨੇ ਕਿਹਾ ਸੀ ਕਿ ਨੂੰਹ ਨੇ ਉਨ੍ਹਾਂ ਦੇ ਬੇਟੇ ਨੂੰ ਮਰਨ ਉਪਰੰਤ ਦਿੱਤੇ ਗਏ ਕੀਰਤੀ ਚੱਕਰ ਨੂੰ ਹੱਥ ਤੱਕ ਨਹੀਂ ਲਗਾਉਣ ਦਿੱਤਾ। ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਸਨਮਾਨ ਲੈ ਕੇ ਚਲੀ ਗਈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਕੁਝ ਨਹੀਂ ਬਚਿਆ ਹੈ। ਫੌਜ ਨੂੰ ਸ਼ਹੀਦ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੇ ਨਿਯਮਾਂ ਵਿੱਚ ਬਦਲਾਅ ਕਰਨਾ ਚਾਹੀਦਾ ਹੈ।

ਇਸ ਬਾਰੇ ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਫੌਜ ਵੱਲੋਂ ਮਾਤਾ-ਪਿਤਾ ਨੂੰ 50 ਲੱਖ ਰੁਪਏ ਅਤੇ ਪਤਨੀ ਨੂੰ 50 ਲੱਖ ਰੁਪਏ ਦਿੱਤੇ ਗਏ ਹਨ। ‘ਦਿ ਹਿੰਦੂ’ ਦੀ ਰਿਪੋਰਟ ਮੁਤਾਬਕ ਸ਼ਹੀਦ ਦੀ ਪੈਨਸ਼ਨ ਸਿਰਫ਼ ਉਨ੍ਹਾਂ ਦੀ ਪਤਨੀ ਸਮ੍ਰਿਤੀ ਨੂੰ ਦਿੱਤੀ ਜਾਵੇਗੀ ਕਿਉਂਕਿ ਅੰਸ਼ੂਮਨ ਨੇ ਉਨ੍ਹਾਂ ਨੂੰ ਆਪਣਾ ਵਾਰਿਸ ਬਣਾਇਆ ਸੀ। ਇਸ ਤੋਂ ਇਲਾਵਾ ਯੂਪੀ ਸਰਕਾਰ ਨੇ ਪਰਿਵਾਰ ਨੂੰ 50 ਲੱਖ ਰੁਪਏ ਵੀ ਦਿੱਤੇ ਸਨ। ਇਸ ਵਿੱਚੋਂ 15 ਲੱਖ ਰੁਪਏ ਮਾਪਿਆਂ ਨੂੰ ਅਤੇ 35 ਲੱਖ ਰੁਪਏ ਪਤਨੀ ਸਮ੍ਰਿਤੀ ਨੂੰ ਦਿੱਤੇ ਗਏ। ਇਸ ਦੇ ਬਾਵਜੂਦ ਸ਼ਹੀਦ ਦੇ ਮਾਪਿਆਂ ਨੇ ਵਿੱਤੀ ਸਹਾਇਤਾ ਦੇ ਨਿਯਮਾਂ ਨੂੰ ਬਦਲਣ ਦੀ ਗੱਲ ਕਹੀ ਸੀ।

ਇਸ ਬਾਰੇ ਫੌਜ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਸ਼ੁਮਨ ਦੇ ਪਿਤਾ ਫੌਜ ‘ਚ ਰਿਟਾਇਰਡ ਜੇ.ਸੀ.ਓ ਹਨ। ਉਨ੍ਹਾਂ ਨੂੰ ਪੈਨਸ਼ਨ ਅਤੇ ਹੋਰ ਫੌਜੀ ਸਹੂਲਤਾਂ ਵੀ ਮਿਲ ਰਹੀਆਂ ਹਨ। ਇਸ ਦੇ ਨਾਲ ਫੌਜ ਨੇ ਕਿਹਾ ਕਿ ਅੰਸ਼ੁਮਨ ਦੀ ਪਤਨੀ ਸਮ੍ਰਿਤੀ ਨੂੰ ਜਿਆਦਾ ਲਾਭ ਇਸ ਕਰਕੇ ਮਿਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਾਰਿਸ ਬਣਾਇਆ ਹੋਇਆ ਸੀ।

ਇਹ ਵੀ ਪੜ੍ਹੋ –  ਮਨੀਸ਼ ਸਿਸੋਦੀਆ ਨੂੰ ਫਿਰ ਲੱਗਾ ਝਟਕਾ, ਰਹਿਣਗੇ ਜੇਲ੍ਹ ‘ਚ