ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਵਿਖੇ ਕੈਨੇਡਾ (Canada) ਤੋਂ ਇਕ ਵਫਦ ਪੁੱਜਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰਿਆਂ ਵਿਚ ਗੈਰ ਅੰਮ੍ਰਿਤਧਾਰੀ ਪ੍ਰਬੰਧਕਾਂ ਵੱਲੋਂ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ। ਵਫਦ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇ ਕੇ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਵਫਦ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਕੁਝ ਗੁਰਦੁਆਰੇ ਸਾਹਿਬਾਨਾਂ ਵਿੱਚ ਗੈਰ-ਅੰਮ੍ਰਿਤਧਾਰੀ ਸਿੱਖ ਸੇਵਾਦਾਰਾਂ ਅਤੇ ਪ੍ਰਬੰਧਕਾਂ ਨੇ ਨਿਯਮ ਤੋੜੇ ਹਨ ਅਤੇ ਉਹ ਨਸ਼ੇ ਦਾ ਸੇਵਨ ਕਰਦੇ ਹਨ। ਜਦੋਂਕਿ ਜੇਕਰ ਕੋਈ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਜਿਸ ‘ਤੇ ਆਏ ਦਿਨ ਵਿਵਾਦ ਹੁੰਦਾ ਰਹਿੰਦਾ ਹੈ। ਇਸ ਮਾਮਲੇ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਲੜਾਈ ਹੋਈ ਸੀ ਅਤੇ ਉਕਤ ਵਿਅਕਤੀਆਂ ਵੱਲੋਂ ਸੰਗਤ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ, ਜਿਨ੍ਹਾਂ ਲੋਕਾਂ ਵੱਲੋਂ ਨਿਯਮ ਅਤੇ ਮਰਿਆਦਾ ਨੂੰ ਤਾਰ-ਤਾਰ ਕੀਤਾ ਹੈ। ਦੱਸ ਦੇਈਏ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਕਿਸੇ ਵੀ ਗੁਰੂ ਘਰ ਦਾ ਸੇਵਾਦਾਰ ਅੰਮ੍ਰਿਤਧਾਰੀ ਹੋਣਾ ਚਾਹੀਦਾ, ਇਸ ਨੂੰ ਲੈ ਕੇ ਪਹਿਲਾਂ ਵੀ ਸਖਤ ਹਿਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ – ਈਡੀ ਦੀ ਦੋ ਸੂਬਿਆਂ ਵਿਚ ਰੇਡ! ਦੂਜੇ ਮੁਲਕ ਤੱਕ ਜੁੜੇ ਤਾਰ