ਮੁਹਾਲੀ : ਪੰਜਾਬ ਦੇ ਮੁਹਾਲੀ ਦੇ ਪੀਰਮੁਚੱਲਾ ਕਸਬਾ ਜ਼ੀਰਕਪੁਰ ਇਲਾਕੇ ਵਿੱਚ ਇੱਕ ਮਾਸੂਮ ਬੱਚੇ ਨੂੰ ਕਾਰ ਵੱਲੋਂ ਕੁਚਲਣ ਦੀ ਘਟਨਾ ਸੀਸੀਟੀਵੀ ਵਿੱਚ ਸਾਹਮਣੇ ਆਈ ਹੈ। ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਇੱਕ 4 ਸਾਲ ਦਾ ਬੱਚਾ ਗਲੀ ਦੇ ਬਾਹਰ ਖੇਡ ਰਿਹਾ ਸੀ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ। ਉਸ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਜਦੋਂ ਮ੍ਰਿਤਕ ਦਾ ਪਿਤਾ ਵਰਿੰਦਰ ਕੁਮਾਰ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਉਸ ਦੇ ਸਾਈਕਲ ਦਾ ਪਹੀਆ ਪੰਕਚਰ ਹੋ ਗਿਆ। ਫਿਰ ਉਥੋਂ ਜਾ ਰਿਹਾ ਪੰਚਕੂਲਾ ਸੈਕਟਰ-20 ਦਾ ਰਹਿਣ ਵਾਲਾ ਅਨਿਲ ਕੁਮਾਰ ਉਸ ਨੂੰ ਆਪਣੀ ਕਾਰ ਵਿਚ ਪੰਚਕੂਲਾ ਦੇ ਫੇਜ਼-6 ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਲਾਸ਼ ਦਾ ਅੱਜ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ। ਪੁਲੀਸ ਨੇ ਅਜੇ ਤੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਹੈ। ਪੋਸਟਮਾਰਟਮ ਤੋਂ ਬਾਅਦ ਮੁੱਢਲੀ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਕਾਰ ਨੇ ਬੱਚੇ ਨੂੰ ਕੁਚਲਿਆ, ਉਸ ਨੂੰ ਇਕ ਔਰਤ ਚਲਾ ਰਹੀ ਸੀ। ਸੜਕ ਦੇ ਇੱਕ ਪਾਸੇ ਇੱਕ ਗਾਂ ਬੈਠੀ ਸੀ। ਜਦਕਿ ਦੂਜੇ ਪਾਸੇ ਇਹ ਬੱਚਾ ਖੇਡ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਔਰਤ ਕਾਰ ਸਮੇਤ ਉਥੋਂ ਫਰਾਰ ਹੋ ਗਈ ਹੈ। ਪੁਲੀਸ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਇਸ ਦੇ ਨੰਬਰ ਦੇ ਆਧਾਰ ’ਤੇ ਵਾਹਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।