Punjab

ਰਣਜੀਤ ਸਿੰਘ ਢੱਡਰੀਆਂਵਾਲੇ ਤੇ ਜਬਰ ਜ਼ਨਾਹ ਦਾ ਮਾਮਲਾ ਦਰਜ! ਢੱਡਰੀਆਂਵਾਲੇ ਨੇ ਵੀ ਦਿੱਤਾ ਪ੍ਰਤੀਕਰਮ

ਬਿਉਰੋ ਰਿਪੋਰਟ – ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਵਿਰੁੱਧ ਜਬਰ ਜ਼ਨਾਹ ਅਤੇ ਕਤਲ ਦਾ ਮਾਮਲਾ ਦਰਜ ਹੋਇਆ ਹੈ। ਇਸ ਸਬੰਧੀ ਪੰਜਾਬ ਦੇ ਡੀਜੀਪੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਹਲਫਨਾਮਾ ਵੀ ਦਰਜ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਪਹਿਲਾਂ ਹੀ ਦਰਜ ਐਫਆਈਆਰ ਨੰਬਰ 208 ਤਹਿਤ ਪੁਰਾਣੇ ਕੇਸ ਵਿੱਚ ਨਵੇਂ ਦੋਸ਼ ਜੋੜ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 302, 376 ਅਤੇ 506 ਸ਼ਾਮਲ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਹ ਮਾਮਲਾ 2012 ਦਾ ਹੈ ਅਤੇ ਇਹ ਲੜਕੀ ਕਰਨਾਲ ਦੀ ਰਹਿਣ ਵਾਲੀ ਸੀ, ਉਹ ਆਪਣੇ ਪਰਿਵਾਰ ਸਮੇਤ ਪਰਮੇਸ਼ਰ ਦੁਆਰ ਆਈ ਸੀ। ਉਹ ਲੜਕੀ  22 ਅਪ੍ਰੈਲ 2012 ਨੂੰ ਲੜਕੀ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਈ ਗਈ ਸੀ। ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਜ਼ਹਿਰ ਹੋਣਾ ਦੱਸਿਆ ਗਿਆ ਹੈ।

ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਪਰਮੇਸ਼ਰ ਦੁਆਰ ਦੇ ਅਧਿਕਾਰੀਆਂ ਨੇ ਲੜਕੀ ਦੀ ਇਮਾਰਤ ਦੇ ਬਾਹਰ ਮੌਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਉਸ ਸਮੇਂ ਦੇਸ਼ ਤੋਂ ਬਾਹਰ ਸਨ। ਬਾਅਦ ‘ਚ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।

ਇਸ ਤੋਂ ਬਾਅਦ ਹੁਣ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ”ਹਾਲੇ ਪਰਚਾ ਹੋਇਆ ਹੈ, ਜਾਂਚ ਬਾਕੀ ਹੈ” ‘ਜਾਂਚ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ, ਅਸੀਂ ਬੇਕਸੂਰ ਹਾਂ ਜਾਂਚ ਵਿੱਚ 200% ਸਹਿਯੋਗ ਕਰਾਂਗੇ, ਲੜਕੀ ਨੇ ਡੇਰੇ ਦੇ ਬਾਹਰ ਆਪਣੀ ਜਾਨ ਦਿੱਤੀ ਸੀ ਪਰ ਲੜਕੀ ਦੇ ਪਰਿਵਾਰ ਦਾ ਸ਼ੱਕ ਨਿਕਲਣਾ ਚਾਹੀਦਾ ਹੈ।”

ਇਹ ਵੀ ਪੜ੍ਹੋ – ਹੁਣ ਇਸ ਦਿਨ ਦਿੱਲੀ ਕੂਚ ਕਰਨਗੇ ਕਿਸਾਨ! ਮੋਰਚੇ ਦੀ ਚੜ੍ਹਦੀਕਲਾ ਲਈ ਅਰਦਾਸ ਕਰਨ ਦੀ ਕੀਤੀ ਅਪੀਲ