ਪੰਜਾਬੀ ਗਾਇਕ ਸਿੱਪੀ ਗਿੱਲ ਦੇ ਖਿਲਾਫ਼ ਮੋਹਾਲੀ ਪੁਲਿਸ ਦੇ ਵਲੋਂ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਮੁਤਾਬਿਕ, ਸਿੱਪੀ ਗਿੱਲ ‘ਤੇ ਹੋਮਲੈਂਡ ਸੁਸਾਇਟੀ ਨੇੜੇ ਇਕ ਸ਼ਖ਼ਸ ਦੀ ਕੁੱਟਮਾਰ ਕਰਨ ਦੇ ਦੋਸ਼ ਹਨ। ਪੁਲਿਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।ਕਮਲਜੀਤ ਸਿੰਘ ਸ਼ੇਰਗਿੱਲ ਨੇ ਸਿੱਪੀ ਗਿੱਲ ਖਿਲਾਫ ਕੇਸ ਦਰਜ ਕੀਤਾ ਹੈ। ਸ਼ੇਰਗਿੱਲ ਨੇ ਦੋਸ਼ ਲਾਇਆ ਕਿ ਸਿੱਪੀ ਗਿੱਲ ਤੇ ਉਸ ਦੇ ਸਾਥੀਆਂ ਨੇ ਉਸ ਨੂੰ ਰਸਤੇ ਵਿੱਚ ਘੇਰ ਲਿਆ, ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਕੇਸ ਵਿੱਚ ਸੰਦੀਪ ਸਿੰਘ ਗਿੱਲ ਉਰਫ਼ ਸਿੱਪੀ ਗਿੱਲ ਦੇ ਨਾਲ-ਨਾਲ ਹਨੀ ਸੇਖੋਂ ਅਤੇ ਹਨੀ ਖਾਨ ਦੇ ਨਾਂ ਵੀ ਸ਼ਾਮਲ ਹਨ। ਮਾਮਲੇ ਵਿੱਚ 5-6 ਅਣਪਛਾਤੇ ਮੁਲਜ਼ਮ ਵੀ ਸ਼ਾਮਲ ਹਨ। ਇਹ ਮਾਮਲਾ ਆਈਪੀਸੀ ਦੀ ਧਾਰਾ 323, 341, 148 ਅਤੇ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਸਿੱਪੀ ਗਿੱਲ ਅਤੇ ਸ਼ਿਕਾਇਤਕਰਤਾ ਕਮਲ ਸ਼ੇਰਗਿੱਲ ਦੀ ਪੁਰਾਣੀ ਜਾਣ-ਪਛਾਣ ਹੈ। ਕੁਝ ਸਮਾਂ ਪਹਿਲਾਂ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਉਦੋਂ ਤੋਂ ਹੀ ਦੋਵਾਂ ਵਿਚਾਲੇ ਆਪਸੀ ਦੁਸ਼ਮਣੀ ਚੱਲ ਰਹੀ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਹੈ।