Punjab

ਤੀਹਰੇ ਕਤਲਕਾਂਡ ‘ਚ ਅਸ਼ੀਸ਼ ਚੋਪੜਾ ਸਮੇਤ 11 ਖਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ  ਬੀਤੇ ਦਿਨੀਂ ਫਿਰੋਜ਼ਪੁਰ ’ਚ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਅਸ਼ੀਸ਼ ਚੋਪੜਾ ਨਾਮ ਦੇ ਗੈਂਗਸਟਰ ਸਮੇਤ 11 ਲੋਕਾਂ ਦੇ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਹੈ,ਪਰ ਅਜੇ ਤੱਕ ਸਾਰੇ ਕਾਤਲ ਪੁਲਿਸ ਦੀ ਪਹੁੰਚ ਤੋਂ ਦੂਰ ਦੱਸੇ ਜਾ ਰਹੇ ਹਨ।

ਬੀਤੇ ਦਿਨ ਅੰਜ਼ਾਮ ਦਿੱਤੀ ਗਈ ਤੀਹਰੇ ਕਤਲ ਕਾਂਡ ਦੀ ਵਾਰਦਾਤ ਮਗਰੋਂ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 8 ਬਾਏ ਨੇਮ ਵਿਅਕਤੀਆਂ ਅਤੇ 3 ਅਣਪਛਾਤੇ ਆਦਮੀਆਂ ਖਿਲਾਫ 103, 109, 351 (2), 191 (3), 190, 61 (2) ਬੀਐੱਨਐੱਸ 25 (6) (7) 54, 59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਇਕ ਵਾਰ ਵਰਨਾ ਨੰਬਰ ਪੀਬੀ 15 ਈ 5870, ਇਕ ਪਿਸਟਲ 30 ਬੋਰ ਸਮੇਤ ਦੋ ਮੈਗਜ਼ੀਨ ਜਿਨ੍ਹਾਂ ਵਿਚੋਂ 5-5 ਰੋਂਦ, 30 ਬੋਰ ਅਤੇ ਇਕ ਹੋਰ ਮੈਗਜ਼ੀਨ 32 ਬੋਰ ਜਿਸ ਵਿਚ 7 ਰੋਂਦ 32 ਬੋਰ ਅਤੇ ਖੋਲ ਬਰਾਮਦ ਹੋਏ ਹਨ।

ਦੱਸ ਦੇਈਏ ਕਿ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਮੰਗਲਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰਾਂ ਨੇ ਕਾਰ ’ਚ ਜਾ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀ।

ਇਸ ਹਮਲੇ ’ਚ ਜਸਪ੍ਰੀਤ ਕੌਰ (25) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਕਾਸ਼ਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਵਾਸੀ ਬੈਕਸਾਈਡ ਗੁਰਦੁਆਰਾ ਅਕਾਲਗੜ੍ਹ ਸਾਹਿਬ ਫਿਰੋਜ਼ਪੁਰ ਸ਼ਹਿਰ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਪਰਿਵਾਰ ਦੇ 2 ਹੋਰ ਜ਼ਖਮੀ ਹਸਪਤਾਲ ’ਚ ਦਾਖਲ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦਾ ਇਕ ਮਹੀਨੇ ਬਾਅਦ ਵਿਆਹ ਧਰਿਆ ਹੋਇਆ ਸੀ। ਪਰਿਵਾਰ ਵਿਆਹ ਵਾਸਤੇ ਖਰੀਦਦਾਰੀ ਕਰਨ ਲਈ ਜਾ ਰਿਹਾ ਸੀ।

ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਦਿਲਪ੍ਰੀਤ ਸਿੰਘ ਉਰਫ ਲੱਲੀ ਆਪਣੀ ਚਚੇਰੀ ਭੈਣ ਜਸਪ੍ਰੀਤ ਪੁੱਤਰੀ ਕੁਲਦੀਪ ਸਿੰਘ, ਉਸ ਦੇ ਭਰਾ ਅਨਮੋਲਦੀਪ ਸਿੰਘ ਅਤੇ ਅਕਾਸ਼ਦੀਪਲ ਸਿੰਘ ਤੇ ਹਰਮਨਪ੍ਰੀਤ ਸਿੰਘ ਪੁੱਤਰ ਹਰਮੇਸ਼ ਸਿੰਘ ਨਾਲ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ।

ਜਿਵੇਂ ਉਹ ਘਰੋਂ ਨਿਕਲੇ ਤਾਂ ਗਲੀ ਦੇ ਮੋੜ ‘ਤੇ ਸਥਿਤ ਗਰੁਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਮੋਟਰਸਾਈਕਲ ਸਵਾਰ ਕੁਝ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਵਲੋਂ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਕਾਰ ਵਿਚ ਸਵਾਰ ਉਸ ਦੀ ਭਤੀਜੀ ਜਸਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਿਕ ਬਾਅਦ ਵਿਚ ਦਿਲਪ੍ਰੀਤ ਅਤੇ ਅਕਾਸ਼ਦੀਪ ਸਿੰਘ ਦੀ ਵੀ ਮੌਤ ਹੋ ਗਈ।