Punjab

ਸਾਬਕਾ ਮੰਤਰੀ ਧਰਮਸੋਤ ਤੋਂ ਬਾਅਦ ਹੁਣ ਪੁੱਤਰ ‘ਤੇ ਵੀ ਵਿਜੀਲੈਂਸ ਦਾ ਸ਼ਿਕੰਜਾ,ਬਣਿਆ ਆਹ ਕਾਰਨ

ਚੰਡੀਗੜ੍ਹ : ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਿਜੀਲੈਂਸ ਦੇ ਅੜਿਕੇ ਆਉਣ ਤੋਂ ਬਾਅਦ ਹੁਣ ਉਹਨਾਂ ਦੇ ਪੁੱਤਰ ਹਰਪ੍ਰੀਤ ਸਿੰਘ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਹਨ। ਵਿਜੀਲੈਂਸ ਨੇ ਹੁਣ ਹਰਪ੍ਰੀਤ ਸਿੰਘ ਖਿਲਾਫ਼ ਵੀ ਮਾਮਲਾ ਕੀਤਾ ਦਰਜ ਕੀਤਾ ਹੈ। ਉਸ ‘ਤੇ ਮੁਹਾਲੀ ‘ਚ ਗਲਤ ਤਰੀਕੇ ਨਾਲ ਪਲਾਟ ਖਰੀਦਣ ਦੇ ਇਲਜ਼ਾਮ ਲੱਗੇ ਹਨ।

ਵਿਜੀਲੈਂਸ ਮੁਤਾਬਕ ਹਰਪ੍ਰੀਤ ਸਿੰਘ ਨੇ 60 ਲੱਖ ਦਾ ਪਲਾਟ 25 ਲੱਖ ‘ਚ ਖਰੀਦਿਆ ਹੈ। ਇਸ ਕੇਸ ਵਿੱਚ ਹਰਪ੍ਰੀਤ ਸਿੰਘ ਤੋਂ ਇਲਾਵਾ ਤਿੰਨ ਜਣਿਆਂ ਨੂੰ ਹੋਰ ਨਾਮਜ਼ਦ ਕੀਤਾ ਗਿਆ ਹੈ।ਪਲਾਟ ਘੁਟਾਲੇ ‘ਚ ਵਿਜੀਲੈਂਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਹਨਾਂ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੁਣ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ‘ਤੇ ਵੀ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਸੀ।ਮੁਹਾਲੀ ਵਿਜੀਲੈਂਸ ਨੇ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੋਇਆ ਹੈ । ਸਾਧੂ ਸਿੰਘ ਧਰਮਸੋਤ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ । ਸਾਧੂ ਸਿੰਘ ਧਰਮਸੋਤ ‘ਤੇ ਇਲਜ਼ਾਮ ਹਨ ਕਿ ਉਹਨਾਂ ਨੇ ਆਪਣੀ ਆਦਮਨ 1 ਮਾਰਚ ਤੋਂ 31 ਮਾਰਚ 2022 ਤੱਕ 2.27 ਕਰੋੜ ਵਿਖਾਈ ਸੀ ਜਦਕਿ ਉਨ੍ਹਾਂ ਨੇ ਖਰਚ 8 ਕਰੋੜ ਕੀਤਾ ਸੀ । ਆਦਮਨ ਅਤੇ ਖਰਚ ਦੇ ਵਿਚਾਲੇ ਫਰਕ 6 ਕਰੋੜ 39 ਲੱਖ ਦਾ ਸੀ । ਯਾਨੀ ਸਰੋਤਾ ਤੋਂ 269 ਫੀਸਦੀ ਵੱਧ । ਜੰਗਲਾਤ ਘੁਟਾਲੇ ਵਿੱਚ ਵੀ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਮਾਨ ਸਰਕਾਰ ਆਉਣ ਤੋਂ ਬਾਅਦ ਉਹ ਪਹਿਲੇ ਸਾਬਕਾ ਮੰਤਰੀ ਸਨ ਜਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।