International

ਮਿਸਰ ‘ਚ ਰੇਤ ‘ਚ ਫਸੇ ਇੱਕ ਮਾਲ ਜਹਾਜ਼ ਨੇ ਰੋਕੀ ਸਮੁੰਦਰੀ ਆਵਾਜਾਈ

‘ਦ ਖ਼ਾਲਸ ਬਿਊਰੋ :- ਮਿਸਰ ਦੀ ਸਵੇਜ਼ ਨਹਿਰ ਵਿੱਚ ਰੇਤ ਵਿੱਚ ਇੱਕ ਮਾਲ ਜਹਾਜ਼ ਫਸ ਜਾਣ ਕਾਰਨ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਰੁਕ ਗਈ ਹੈ। ਇਸ ਜਾਮ ਕਾਰਨ ਦੁਨੀਆ ਵਿੱਚ ਕੱਚੇ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਇਸ ਦੇ ਕਾਰਨ ਬੁੱਧਵਾਰ ਨੂੰ ਕੱਚਾ ਤੇਲ ਲਗਭਗ ਪੰਜ ਪ੍ਰਤੀਸ਼ਤ ਮਹਿੰਗਾ ਹੋ ਗਿਆ।
ਇਸ ਦੌਰਾਨ, ਮਿਸਰ ਨੇ ਸਵੇਜ਼ ਨਹਿਰ ਦੇ ਪੁਰਾਣੇ ਚੈਨਲ ਨੂੰ ਦੁਬਾਰਾ ਖੋਲ੍ਹ ਦਿੱਤਾ ਹੈ, ਤਾਂ ਜੋ ਰੇਤ ਵਿੱਚ ਫਸੇ ਜਹਾਜ਼ ਦੇ ਨਿਕਲਣ ਤੱਕ ਕੁੱਝ ਹੋਰ ਸਮੁੰਦਰੀ ਜਹਾਜ਼ਾਂ ਨੂੰ ਰਸਤਾ ਮਿਲ ਸਕੇ।

ਸਵੇਜ਼ ਨਹਿਰ ਅਥਾਰਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਏਵਰ ਗਿਵੇਨ ਨੂੰ ਕੱਢਣ ਵਿੱਚ ਕਈ ਦਿਨ ਲੱਗ ਸਕਦੇ ਹਨ। 400 ਮੀਟਰ ਲੰਬੇ ਅਤੇ 59 ਮੀਟਰ ਚੌੜੇ ਇਸ ਜਹਾਜ਼ ਨੂੰ ਖਿੱਚਣ ਲਈ 8 ਬੇੜੀਆਂ ਦੇ ਇਲਾਵਾ ਰੇਤ ਦੀ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਵੀ ਕੰਮ ਵਿੱਚ ਜੁਟੀਆਂ ਹੋਈਆਂ ਹਨ। ਅਧਿਕਾਰੀਆਂ ਦੇ ਅਨੁਸਾਰ, ਉਨ੍ਹਾਂ ਦੀ ਪਹਿਲ ਸਮੁੰਦਰੀ ਜਹਾਜ਼ ਨੂੰ ਸੁਰੱਖਿਅਤ ਕੱਢ ਕੇ ਸਵੇਜ਼ ਨਹਿਰ ਵਿੱਚ ਟ੍ਰੈਫਿਕ ਨੂੰ ਮੁੜ ਚਾਲੂ ਕੀਤਾ ਜਾ ਸਕੇ। ਸਮੁੰਦਰੀ ਜਹਾਜ਼ ਦੀ ਮਾਲਕ ਕੰਪਨੀ ਬੀਐੱਸਐੱਮ ਨੇ ਦੱਸਿਆ ਕਿ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ।
ਇਹ ਘਟਨਾ ਮੰਗਲਵਾਰ ਸਵੇਰੇ 7:40 ਵਜੇ ਸਵੇਜ਼ ਬੰਦਰਗਾਹ ਦੇ ਉੱਤਰ ਦਿਸ਼ਾ ਵਿੱਚ ਵਾਪਰੀ। ਫਸਣ ਵਾਲਾ ਜਹਾਜ਼ ਚੀਨ ਤੋਂ ਨੀਦਰਲੈਂਡਜ਼ ਦੇ ਬੰਦਰਗਾਹ ਸ਼ਹਿਰ ਰੋਟਰਡਮ ਵੱਲ ਜਾ ਰਿਹਾ ਸੀ। ਪਨਾਮਾ ਵਿੱਚ ਰਜਿਸਟਰਡ ਇਹ ਜਹਾਜ਼ ਉੱਤਰ ਵਿੱਚ ਮੈਡੀਟੇਰੀਅਨ ਸਾਗਰ ਨੂੰ ਜਾਂਦੇ ਸਮੇਂ ਸਵੇਜ਼ ਨਹਿਰ ਤੋਂ ਹੋ ਕੇ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਇਹ ਜਹਾਜ਼, ਜੋ ਕਿ 2018 ਵਿੱਚ ਬਣਾਇਆ ਗਿਆ ਸੀ ਅਤੇ ਤਾਈਵਾਨ ਦੀ ਟ੍ਰਾਂਸਪੋਰਟ ਕੰਪਨੀ ਐਵਰਗ੍ਰੀਨ ਮਰੀਨ ਦੁਆਰਾ ਚਲਾਇਆ ਗਿਆ ਸੀ, ਤੇਜ਼ ਹਵਾ ਕਾਰਨ ਕੰਟਰੋਲ ਗੁਆਉਣ ਕਾਰਨ ਉੱਥੇ ਫੱਸ ਗਿਆ। ਇਸ ਕਾਰਨ ਉਸ ਰਸਤੇ ਤੋਂ ਲੰਘ ਰਹੇ ਕਈ ਜਹਾਜ਼ਾਂ ਦਾ ਰਸਤਾ ਰੁਕ ਗਿਆ।