Punjab

ਲੋਕ ਪੱਖੀ ਵਕੀਲਾਂ, ਕਿਸਾਨ ਆਗੂਆਂ,ਅਤੇ ਜਮਹੂਰੀ ਕਾਰਕੁੰਨਾਂ ਦੇ ਘਰਾਂ ਵਿੱਚ ਛਾਪਿਆਂ ਦਾ ਵਿਰੋਧ ਕਰਨ ਦਾ ਸੱਦਾ

ਬਠਿੰਡਾ : ਦਲਿਤ ਮਨੁੱਖੀ ਅਧਿਕਾਰ ਸਭਾ, ਪੰਜਾਬ ਨੇ ਪੰਜਾਬ,ਹਰਿਆਣਾ, ਚੰਡੀਗੜ੍ਹ ਤੇ ਯੂਪੀ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਕੇਂਦਰੀ ਹਕੂਮਤ ਦੀਆਂ ਹਦਾਇਤਾਂ ਤੇ ਕੌਮੀ ਜਾਂਚ ਏਜੰਸੀ ਵੱਲੋਂ ਲੋਕ ਪੱਖੀ ਵਕੀਲਾਂ ਕਿਸਾਨ ਆਗੂਆਂ ਤੇ ਜਮਹੂਰੀ ਕਾਰਕੁੰਨਾਂ ਦੇ ਘਰਾਂ ਵਿੱਚ ਮਾਰੇ ਜਾ ਰਹੇ ਛਾਪਿਆਂ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਜਾਰੀ ਕੀਤੇ ਇੱਕ ਬਿਆਨ ਵਿੱਚ ਦਲਿਤ ਮਨੁੱਖੀ ਅਧਿਕਾਰ ਸਭਾ ਤੇ ਸੂਬਾ ਕਨਵੀਨਰ ਐਡਵੋਕੇਟ ਅਜਾਇਬ ਸਿੰਘ ਗੁਰੂ, ਜਿਲ੍ਹਾ ਮਾਨਸਾ ਦੇ ਕਨਵੀਨਰ ਮਾਸਟਰ ਪਰਮਿੰਦਰ ਸਿੰਘ, ਮੱਖਣ ਸਿੰਘ ਸਾਡੀ ਹਰੀ, ਐਡਵੋਕੇਟ ਗੁਰਪ੍ਰੀਤ ਸਿੰਘ ਡੋਨੀ, ਬਹਾਲ ਸਿੰਘ ਬੇਨੜਾ ਅਤੇ ਸੇਬੀ ਖੰਡੇਬਾਦ ਨੇ ਕਿਹਾ ਕਿ ਚੰਡੀਗੜ੍ਹ ਵਿਚ ਲੋਕਪੱਖੀ ਵਕੀਲਾਂ ਐਡਵੋਕੇਟ ਮਨਦੀਪ, ਐਡਵੋਕੇਟ ਆਰਤੀ ਤੇ ਐਡਵੋਕੇਟ ਅਜੇ ਕੁਮਾਰ ਦੇ ਘਰ ਛਾਪੇਮਾਰੀ ਚੱਲ ਰਹੀ ਹੈ।

ਪੰਜਾਬ ਵਿਚ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਰਾਮਪੁਰਾ ਦੇ ਘਰਾਂ ਵਿਚ ਐੱਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਕਿਸਾਨ ਤੇ ਹੋਰ ਜਮਹੂਰੀ ਲੋਕ ਘਰ ਦੇ ਬਾਹਰ ਇਕੱਠੇ ਹੋ ਕੇ ਇਸ ਤਾਨਾਸ਼ਾਹ ਕਾਰਵਾਈ ਦਾ ਵਿਰੋਧ ਕਰ ਰਹੇ ਹਨ।

* ਇਸੇ ਦੀ ਕੜੀ ਵਜੋਂ ਅੱਜ ਹਰਿਆਣਾ ਤੋਂ ਉੱਘੇ ਜਮਹੂਰੀ ਕਾਰਕੁੰਨ ਐਡਵੋਕੇਟ ਪੰਕਜ ਤਿਆਗੀ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਉਸ ਨੂੰ ਗਿ੍ਰਫ਼ਤਾਰ ਕਰਕੇ ਸੋਨੀਪਤ ਦੇ ਥਾਣੇ ਵਿਚ ਲਿਜਾਇਆ ਗਿਆ ਹੈ।
*ਇਲਾਹਾਬਾਦ ਵਿਚ ਇਨਕਲਾਬੀ ਛਾਤਰ ਮੋਰਚਾ ਦੇ ਪ੍ਰਧਾਨ ਦਵਿੰਦਰ ਆਜ਼ਾਦ ਦੇ ਕਮਰੇ ਵਿਚ ਛਾਪੇਮਾਰੀ ਕੀਤੀ ਗਈ ਹੈ।

ਭਾਜਪਾ ਦੀ ਕੇਂਦਰ ਸਰਕਾਰ ਹਰ ਉਸ ਤਾਕਤ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦੀ ਹੈ ਜਾਂ ਜਿਹੜੀ ਲੋਕ ਹਿਤਾਂ ਤੇ ਹੱਕਾਂ ਲਈ ਅਤੇ ਇਸ ਗ਼ੈਰ-ਜਮਹੂਰੀ, ਤਾਨਾਸ਼ਾਹ ਰਾਜ ਨੂੰ ਬਦਲਣ ਲਈ ਯਤਨਸ਼ੀਲ ਹੈ। ਜਮਹੂਰੀ ਵਿਰੋਧ ਨੂੰ ਦਹਿਸ਼ਤਜ਼ਦਾ ਕਰਨ ਅਤੇ ਲੋਕਪੱਖੀ ਜਮਹੂਰੀ ਆਵਾਜ਼ਾਂ ਨੂੰ ਕੁਚਲਣ ਲਈ ਐੱਨਆਈਏ ਨੂੰ ਹਥਿਆਰ ਬਣਾਇਆ ਗਿਆ ਹੈ। ਇਸ ਤਾਨਾਸ਼ਾਹ ਕਾਰਵਾਈ ਦਾ ਗੰਭੀਰ ਨੋਟਿਸ ਲੈਣਾ ਜ਼ਰੂਰੀ ਹੈ। ਜਮਹੂਰੀ ਅਧਿਕਾਰ ਨੇ ਅਪੀਲ ਕੀਤੀ ਹੈ ਕਿ ਸਭਾ ਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਬਾਕੀ ਲੋਕ ਪੱਖੀ ਜਥੇਬੰਦੀਆਂ ਨਾਲ ਮਿਲ ਕੇ ਆਪਣੀ ਸਮਰੱਥਾ ਮੁਤਾਬਕ ਇਸ ਗੈਰ ਜਮਹੂਰੀ ਐਕਸ਼ਨ ਦਾ ਵਿਰੋਧ ਕਰਨ l