ਲੁਧਿਆਣਾ : ਖੰਨਾ ਦੇ ਮਿਲਟਰੀ ਗਰਾਊਂਡ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮਿਜ਼ਾਇਲ ਵਰਗੀ ਧਮਾਕਾਖੇਜ ਸਮੱਗਰੀ ਹੈ। ਬੰਬ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਥਾਂ ਉਪਰ ਬੰਬ ਮਿਲਿਆ ਉਸਦੇ ਨਾਲ ਹੀ ਸਬਜ਼ੀ ਮੰਡੀ ਅਤੇ ਰਿਹਾਇਸ਼ੀ ਇਲਾਕਾ ਹੈ।
ਪੁਲਿਸ ਦੀ ਬੰਬ ਨਿਰੋਧਕ ਟੀਮ ਨੂੰ ਬੰਬ ਦੀ ਜਾਂਚ ਲਈ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਫੌਜ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਫੌਜ ਵੀ ਜਾਂਚ ਲਈ ਪਹੁੰਚ ਸਕਦੀ ਹੈ।
ਰਾਹੁਲ ਗਾਂਧੀ ਮਿਲਟਰੀ ਗਰਾਊਂਡ ਤੋਂ ਕਰੀਬ 300 ਮੀਟਰ ਦੀ ਦੂਰੀ ‘ਤੇ ਸੜਕ ਤੋਂ ਲੰਘੇ ਸਨ ਜਿੱਥੇ ਬੰਬ ਮਿਲਿਆ ਸੀ। ਅਜਿਹੇ ‘ਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੋ ਰਹੇ ਹਨ। ਇੱਥੇ ਬੰਬ ਕਦੋਂ ਅਤੇ ਕਿਉਂ ਰੱਖਿਆ ਗਿਆ ਸੀ? ਇਸ ਦੀ ਜਾਂਚ ਲਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਫਿਲਹਾਲ ਬੰਬ ਕਿਸ ਕਿਸਮ ਦਾ ਹੈ ਅਤੇ ਇਹ ਜ਼ਿੰਦਾ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।