India Punjab

ਕਿਸਾਨ ਮੋਰਚੇ ਦੇ ਸ਼ਹੀਦਾਂ ਲਈ ਤਿਆਰ ਹੋ ਰਿਹਾ ਹੈ ਇੱਕ ਬਲਾਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਪ੍ਰਦਰਸ਼ਨਕਾਰੀਆਂ ਦੀ ਗਿਣਤੀ 526 ਤੋਂ ਉੱਪਰ ਪਹੁੰਚ ਚੁੱਕੀ ਹੈ। ਅੰਦੋਲਨ ਦੇ ਵਲੰਟੀਅਰਾਂ, ਸਮਰਥਕਾਂ ਦੁਆਰਾ ਇੱਕ ਬਲਾੱਗ ਪ੍ਰਬੰਧਿਤ ਕੀਤਾ ਜਾ ਰਿਹਾ ਹੈ:

https://humancostoffarmersprotest.blogspot.com/2020/12/list-of-deaths-in-farmers-protest-at.html.

ਇਸ ਬਲਾੱਗ ‘ਤੇ ਕਿਸਾਨ ਜਥੇਬੰਦੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੇ ਨਾਲ-ਨਾਲ ਕਈ ਪੰਜਾਬੀ ਅਤੇ ਹਿੰਦੀ ਅਖਬਾਰਾਂ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਉਪਲੱਬਧ ਹੈ। ਸੰਯੁਕਤ ਕਿਸਾਨ ਮੋਰਚੇ ਨੇ ਸਮੁੱਚੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸ਼ਹੀਦਾਂ ਬਾਰੇ ਰਿਪੋਰਟਿੰਗ ਜਾਰੀ ਰੱਖਣ। ਕਿਸਾਨ ਲੀਡਰਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸੰਸਦ ‘ਚ ਕਿਹਾ ਸੀ ਕਿ ਉਹਨਾਂ ਕੋਲ ਸ਼ਹੀਦ ਕਿਸਾਨਾਂ ਦੇ ਵੇਰਵੇ ਨਹੀਂ ਹਨ।

ਕਿਸਾਨਾਂ ਤੇ ਦਰਜ ਕੇਸ ਹੋਣ ਵਾਪਸ

ਚੰਡੀਗੜ੍ਹ ਪੁਲਿਸ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਅਤੇ ਕੁੱਝ ਕਲਾਕਾਰਾਂ ਸਮੇਤ ਕਿਸਾਨ ਅੰਦੋਲਨ ਦੇ ਸਮਰਥਕਾਂ ਦੇ ਖਿਲਾਫ ਕਈ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਐੱਫਆਈਆਰਜ਼ ਉੱਤੇ ਸਪੱਸ਼ਟ ਤੌਰ ‘ਤੇ ਝੂਠੇ ਦੋਸ਼ ਹਨ ਅਤੇ ਇਹ ਸਪੱਸ਼ਟ ਹੈ ਕਿ ਇਹ ਹਤਾਸ਼ ਪ੍ਰਸ਼ਾਸਨ ਹੈ, ਜੋ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸਾਨ ਲੀਡਰਾਂ ਨੇ ਸਾਰੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਹਿਸਾਰ ਵਿੱਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਗ਼ਲਤ ਢੰਗ ਨਾਲ ਦਰਜ ਕੀਤੇ ਕੇਸ ਵਾਪਸ ਲਵੇ, ਜਿਨ੍ਹਾਂ ’ਤੇ 24 ਜੂਨ ਨੂੰ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਭਾਜਪਾ ਦੇ ਪੋਸਟਰਾਂ ਅਤੇ ਬੈਨਰ ਹੇਠਾਂ ਖਿੱਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਸਨ।

ਸੁਨੇਹਰਾ ਚ ਹੋਇਆ ਕਿਸਾਨ ਮਜ਼ਦੂਰ ਭਾਈਚਾਰਾ ਮਹਾਂ ਸੰਮੇਲਨ

ਅੱਜ ਸੁਨੇਹਰਾ ਵਿੱਚ “ਕਿਸਾਨ ਮਜ਼ਦੂਰ ਭਾਈਚਾਰਾ ਮਹਾਂ ਸੰਮੇਲਨ” ਵਿੱਚ ਮੋਰਚੇ ਦੇ ਲੀਡਰਾਂ ਨੇ ਸ਼ਮੂਲੀਅਤ ਕੀਤੀ। ਇਸ ਮਹਾਂ ਸੰਮੇਲਨ ਦਾ ਆਯੋਜਨ ਇਸ ਖੇਤਰ ਵਿੱਚ ਵਾਪਰੇ ਦੋ ਹਾਦਸਿਆਂ ਦੇ ਪਿਛੋਕੜ ਵਿੱਚ ਕੀਤਾ ਗਿਆ ਸੀ। ਸਥਾਨਕ ਲੋਕਾਂ ਵਿੱਚ ਲੜਾਈ ਦੌਰਾਨ ਇੱਕ ਨੌਜਵਾਨ ਆਸਿਫ ਦੀ ਹੱਤਿਆ ਕਰ ਦਿੱਤੀ ਗਈ ਸੀ। ਕਿਸਾਨ ਲੀਡਰਾਂ ਨੇ ਕਿਹਾ ਕਿ ਆਰਐੱਸਐੱਸ-ਬੀਜੇਪੀ ਨੇ ਇਸ ਨੂੰ ਇੱਕ ਝੂਠਾ ਫਿਰਕਾਪ੍ਰਸਤ ਰੰਗ ਦੇਣ ਦੀ ਕੋਸ਼ਿਸ਼ ਕੀਤੀ ਅਤੇ ਦੋਸ਼ੀਆਂ ਦਾ ਸਮਰਥਨ ਕਰਨ ਲਈ ਇੱਕ ਮਹਾਂ ਪੰਚਾਇਤ ਦਾ ਆਯੋਜਨ ਵੀ ਕੀਤਾ ਤਾਂ ਜੋ ਇੱਕਜੁੱਟ ਹੋ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਭੰਗ ਕੀਤਾ ਜਾ ਸਕੇ। 

ਦੂਸਰੀ ਘਟਨਾ ਇੱਕ ਥਾਣੇ ਵਿੱਚ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਇੱਕ ਹੋਰ ਨੌਜਵਾਨ ਜੁਨੈਦ ਦਾ ਕਤਲ ਸੀ।  ਇਸ ਦੇ ਵਿਰੋਧ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ, ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਜਪਾ-ਜੇਜੇਪੀ ਹਰਿਆਣਾ ਸਰਕਾਰ ਦੁਆਰਾ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਗਏ। ਇਸ ਪਿਛੋਕੜ ਵਿੱਚ ਹੀ ਇਹ ਪ੍ਰੋਗਰਾਮ ਭੜਕਾਊ ਗਤੀਵਿਧੀਆਂ ਵਿਰੁੱਧ ਭਾਈਚਾਰਕ ਸਾਂਝ ਵਧਾਉਣ ਲਈ ਕੀਤਾ ਗਿਆ ਸੀ।

ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ

ਕਿਸਾਨ ਲੀਡਰਾਂ ਨੇ ਕਿਹਾ ਕਿ ਵੱਖ-ਵੱਖ ਥਾਂਵਾਂ ‘ਤੇ  ਭਾਜਪਾ ਲੀਡਰਾਂ ਖਿਲਾਫ ਪ੍ਰਦਰਸ਼ਨ ਜਾਰੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿੱਚੋਂ ਇੱਕ ਪ੍ਰੇਰਣਾਦਾਇਕ ਸ਼ਖਸੀਅਤ 82 ਸਾਲਾ ਬਾਬਾ ਲਾਭ ਸਿੰਘ ਹਨ, ਜੋ 4 ਮਹੀਨਿਆਂ ਤੋਂ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦਾ ਇਹ ਸ਼ਾਂਤਮਈ ਪ੍ਰਦਰਸ਼ਨ ਚੰਡੀਗੜ੍ਹ ਦੇ ਸ਼ਹਿਰੀ ਸਮਰਥਕਾਂ ਲਈ ਇੱਕ ਪ੍ਰੇਰਣਾ ਸਰੋਤ ਰਿਹਾ ਹੈ। ਨੌਜਵਾਨਾਂ ਦਾ ਇੱਕ ਜਥਾ ਉਹਨਾਂ ਨਾਲ ਲਗਾਤਾਰ ਡਟਿਆ ਹੋਇਆ ਹੈ ਤਾਂ ਕਿ ਪੁਲਿਸ ਉਹਨਾਂ ਨੂੰ ਪਰੇਸ਼ਾਨ ਨਾ ਕਰੇ।

ਵੱਡੀ ਗਿਣਤੀ ‘ਚ ਕਿਸਾਨ ਮੋਰਚਿਆਂ ‘ਤੇ ਪਹੁੰਚ ਰਹੇ ਹਨ। ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਲੀਡਰਾਂ ਵੱਲੋਂ ਜਲਦੀ ਹੀ ਇੱਕ ਵਿਸ਼ਾਲ ਟਰੈਕਟਰ ਰੈਲੀ ਦੀ ਯੋਜਨਾ ਬਣਾਈ ਜਾ ਰਹੀ ਹੈ।