ਉੜੀਸਾ ਦੇ ਬਾਲਾਸੋਰ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਇਸ ਦੀ ਜਾਂਚ ਦੀ ਜ਼ਿੰਮੇਵਾਰੀ ‘ਕਮਿਸ਼ਨਰ ਆਫ ਰੇਲਵੇ ਸੇਫਟੀ’ (ਸੀਆਰਐੱਸ) ਨੂੰ ਦਿੱਤੀ ਗਈ ਤੇ ਸੀਆਰਐੱਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਾਦਸੇ ਦਾ ਕਾਰਨ ਕਈ ਪੱਧਰਾਂ ‘ਤੇ ਖਾਮੀਆਂ ਹਨ। ਹਾਦਸੇ ਲਈ ਸਿਗਨਲ ਵਿਭਾਗ ਨੂੰ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਸ ਹਾਦਸੇ ਲਈ ਸਟੇਸ਼ਨ ਮਾਸਟਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਕਿਉਂਕਿ ਉਹ ਸਿਗਨਲ ਕੰਟਰੋਲ ਸਿਸਟਮ ਵਿੱਚ ਗੜਬੜ ਦਾ ਪਤਾ ਲਗਾਉਣ ਵਿੱਚ ਅਸਫਲ ਰਿਹਾ। ਜੇ ਸਟੇਸ਼ਨ ਮਾਸਟਰ ਨੇ ਨੁਕਸ ਦਾ ਪਤਾ ਲਗਾਇਆ ਹੁੰਦਾ ਤਾਂ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ। ਸੀਆਰਐੱਸ ਜਾਂਚ ਰਿਪੋਰਟ ਨੇ ਇਸ਼ਾਰਾ ਕੀਤਾ ਹੈ ਕਿ ਲੈਵਲ-ਕਰਾਸਿੰਗ ਲੋਕੇਸ਼ਨ ਬਾਕਸ ਦੇ ਅੰਦਰ ਤਾਰਾਂ ਦੀ ਗਲਤ ਲੇਬਲਿੰਗ ਦਾ ਸਾਲਾਂ ਤੋਂ ਪਤਾ ਹੀ ਨਹੀਂ ਸੀ ਤੇ ਰੱਖ-ਰਖਾਅ ਦੌਰਾਨ ਵੀ ਇਸ ਵਿੱਚ ਖਾਮੀ ਸੀ, ਜੇ ਇਨ੍ਹਾਂ ਖਾਮੀਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਂਦਾ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ।
2 ਜੂਨ ਨੂੰ ਓਡੀਸਾ ਦੇ ਬਾਲਾਸੋਰ ਜ਼ਿਲੇ ‘ਚ ਕੋਰੋਮੰਡਲ ਐਕਸਪ੍ਰੈੱਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈੱਸ ਟਰੇਨ ਦੇ ਪਟੜੀ ਤੋਂ ਉਤਰਨ ਅਤੇ ਇਕ ਮਾਲ ਗੱਡੀ ਨਾਲ ਟਕਰਾਉਣ ਦੇ ਰੇਲ ਹਾਦਸੇ ‘ਚ 293 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।