ਪੰਜਾਬ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਨੇ ਵੱਡੀ ਰਾਹਤ ਦਿੰਦੇ ਹੋਏ ਉਸ ਨੂੰ ਮਿਲੀ ਪੈਰੋਲ ਨੂੰ ਰੱਦ ਕਰਨ ਵਿਰੁੱਧ ਪਾਈ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ 40 ਦਿਨਾਂ ਦੀ ਪੈਰੋਲ ਵਿਰੁੱਧ ਹਾਈਕੋਰਟ ਦੇ ਐਡਵੋਕੇਟ ਐਚ.ਸੀ. ਅਰੋੜਾ ਨੇ ਹਾਈਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ ਤੇ ਹਾਈਕੋਰਟ ਤੋਂ ਇਸ ਪੈਰੋਲ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ । ਉਹਨਾਂ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਇੱਕ ਅਪਰਾਧੀ ਪੈਰੋਲ ਤੇ ਬਾਹਰ ਆ ਕੇ ਇਸ ਤਰਾਂ ਨਾਲ ਸਤਸੰਗ ਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਕਿਵੇਂ ਲੈ ਸਕਦਾ ਹੈ ।
ਹਾਈਕੋਰਟ ਵਿੱਚ ਇਸ ਪਟੀਸ਼ਨ ਬਾਰੇ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਇਸ ਦਲੀਲ ਵਿੱਚ ਸਹਿਮਤੀ ਨਹੀਂ ਦਿਖਾਈ ਤੇ ਅਪੀਲ ਨੂੰ ਖਾਰਜ ਕਰ ਦਿੱਤਾ। ਇਸ ਤੋਂ ਇਲਾਵਾ ਅਦਾਲਤ ਨੇ ਪਟੀਸ਼ਨਕਰਤਾ ਦੀ ਰਿਪ੍ਰੈਜੇਨਟੇਸ਼ਨ ਦੀ ਅਪੀਲ ਨੂੰ ਇੱਕ ਹਫਤੇ ਵਿੱਚ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ।
ਐਡਵੋਕੇਟ ਐਚ.ਸੀ. ਅਰੋੜਾ ਨੇ ਡੇਰਾ ਮੁਖੀ ਨੂੰ ਮਿਲੀ ਇਸ ਪੈਰੋਲ ਨੂੰ ਰੱਦ ਕਰਨ ਲਈ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਨੇ ਆਪਣੇ 2020 ਦੇ ਨਿਯਮਾਂ ਦੇ ਉਲਟ ਗੁਰਮੀਤ ਨੂੰ ਪੈਰੋਲ ਦਿੱਤੀ ਹੈ। ਅਰੋੜਾ ਨੇ ਪਟੀਸ਼ਨ ‘ਚ ਦੱਸਿਆ ਕਿ ਨਿਯਮਾਂ ਅਨੁਸਾਰ ਪੈਰੋਲ ਲੈਣ ਵਾਲਾ ਜਿਸ ਜ਼ਿਲ੍ਹੇ ‘ਚ ਰਹਿੰਦਾ ਹੈ, ਉਸ ਜ਼ਿਲ੍ਹੇ ਦੇ ਡੀ.ਐਮ. ਤੋਂ ਸਲਾਹ ਲੈਣ ਦੀ ਲੋੜ ਹੈ ਤਾਂ ਜੋ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਪਰ ਇਸ ਮਾਮਲੇ ਵਿਚ ਅਜਿਹਾ ਨਹੀਂ ਕੀਤਾ ਗਿਆ।