ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਵੱਖ-ਵੱਖ ਬਾਰਡਰਾਂ ‘ਤੇ ਪਿਛਲੇ 97 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨੇ ਦੇ 100 ਦਿਨ ਪੂਰੇ ਹੋਣ ‘ਤੇ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਸੰਭੂ ਬਾਰਡਰ ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਰਚੇ ਦੀ ਸੰਚਾਲਕ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਧੇਰ ਨੇ ਦੱਸਿਆ ਕਿ 22 ਮਈ ਨੂੰ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ।
ਪੰਧੇਰ ਨੇ ਹਰਜੀਤ ਸਿੰਘ ਗਰੇਵਾਲ ਦੇ ਬਿਆਨ ‘ਤੇ ਤੰਜ ਕੱਸਦਿਆਂ ਕਿਹਾ ਉਹ ਆਪਣੀ ਇੰਟੈਲੀਜੈਂਸੀ ਤੋਂ ਪਤਾ ਕਰਵਾ ਸਕਦੇ ਹਨ ਕਿ ਕਿਸਾਨ ਕਿਸ ਵੱਲ ਹਨ, ਦਰਅਸਲ ਗਰੇਵਾਲ ਨੇ ਕਿਹਾ ਸੀ ਕਿ ਪੰਜਾਬ ਸਮੇਤ ਦੇਸ਼ ਦੇ ਕਿਸਾਨ ਭਾਜਪਾ ਦੇ ਨਾਲ ਹਨ। ਪੰਧੇਰ ਨੇ ਕਿਹਾ ਕਿ 22 ਮਈ ਨੂੰ ਕਿਸਾਨਾਂ ਦੇ ਲੱਖਾਂ ਦੇ ਇਕੱਠ ਵਿੱਚ ਪਤਾ ਲੱਗ ਜਾਵੇਗਾ ਕਿ ਕਿਸਾਨ ਕਿੰਨਾ ਦੇ ਨਾਲ ਹਨ। ਪੰਧੇਰ ਨੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 22 ਨੂੰ ਕੀਤੇ ਜਾ ਰਹੇ ਇਕੱਠ ਵਿੱਚ ਵਧ ਚੜ੍ਹ ਕੇ ਪਹੁੰਚੋ, ਜਿਸ ਨਾਲ ਇਸ ਇਕੱਠ ਨੂੰ ਲੱਖਾਂ ਦੀ ਗਿਣਤੀ ਤੋਂ ਵੀ ਪਾਰ ਲਿਜਾਇਆ ਜਾ ਸਕੇ।ਪੰਧੇਰ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਕਿਸਾਨੀ ਅੰਦੋਲਨ ਦੋ ਸ਼ੁਰੂ ਕੀਤਾ ਹੋਇਆ ਹੈ। ਕਿਸਾਨ ਆਪਣੀਆਂ ਰਹਿੰਦਿਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਸਨ। ਪਰ ਉਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਅੱਗੇ ਨਹੀਂ ਜਾਣ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਹਰਿਆਣਾ ਬਾਰਡਰਾਂ ‘ਤੇ ਹੀ ਮੋਰਚਾ ਲਗਾਇਆ ਹੋਇਆ ਹੈ, ਜਿਸ ਦੇ 22 ਮਈ ਨੂੰ 100 ਦਿਨ ਪੂਰੇ ਹੋ ਜਾਣਗੇ।
ਇਹ ਵੀ ਪੜ੍ਹੋ – ਵਾਇਰਲ ਆਡੀਓ ‘ਤੇ ਬਿੱਟੂ ਨੇ ਦਿੱਤਾ ਜਵਾਬ, ਕਿਹਾ ਕਰਵਾਵਾਂਗਾ ਕਾਰਵਾਈ