Punjab

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਮੁਲਾਜ਼ਮਾਂ ਦੇ DA ਵਿੱਚ ਕੀਤਾ 4 ਫ਼ੀਸਦੀ ਵਾਧਾ

A big gift to the employees from the Punjab government

ਚੰਡੀਗੜ੍ਹ : ਪੰਜਾਬ ਵਿੱਚ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ 8 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 40 ਦਿਨਾਂ ਬਾਅਦ ਖ਼ਤਮ ਹੋ ਗਈ ਹੈ। ਵਾਅਦੇ ਮੁਤਾਬਕ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਿਸਟੀਰੀਅਲ ਸਟਾਫ਼ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸੀ ਐੱਮ ਮਾਨ ਨੇ ਮਨਿਸਟੀਰੀਅਲ ਸਟਾਫ਼ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਡੀਏ ਵਿੱਚ 4 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਹੋਰ ਮੰਗਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ਉੱਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੇ ਮਸਲਿਆਂ ‘ਤੇ ਵਿਸਥਾਰ ਸਹਿਤ ਚਰਚਾ ਕੀਤੀ… ਇੱਕ ਵੱਡੀ ਖ਼ੁਸ਼ਖ਼ਬਰੀ ਸਾਂਝੀ ਕਰ ਰਿਹਾ ਹਾਂ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਾਂ…DA ‘ਚ 4 ਫ਼ੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ।

ਇਸ ਫ਼ੈਸਲੇ ‘ਤੇ ਮਨਿਸਟਰੀਅਲ ਸਟਾਫ਼ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਰ ਸਰਕਾਰ ਨੂੰ ਹੋਰ ਮੰਗਾਂ ‘ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਹੋਈ। ਇਸ ਦੇ ਨਾਲ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਦਸੰਬਰ ਮਹੀਨੇ ਦੀ ਰੁਕੀ ਹੋਈ ਤਨਖ਼ਾਹ ਵੀ ਜਲਦੀ ਹੀ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਮ੍ਹਾ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਹੜਤਾਲ ਕਾਰਨ 43 ਵਿਭਾਗਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਇਸ ਵਿੱਚ ਜ਼ਿਲ੍ਹੇ ਦੇ ਡੀਸੀ ਦਫ਼ਤਰ, ਟਰਾਂਸਪੋਰਟ ਵਿਭਾਗ, ਜਨ ਸਿਹਤ ਵਿਭਾਗ, ਮਾਲ ਵਿਭਾਗ, ਖ਼ਜ਼ਾਨਾ ਦਫ਼ਤਰ, ਸਿੱਖਿਆ ਵਿਭਾਗ, ਫੂਡ ਸਪਲਾਈ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਭਵਨ ਤੇ ਸੜਕ ਵਿਭਾਗ, ਸਿੰਚਾਈ ਵਿਭਾਗ ਸਮੇਤ ਕਰੀਬ 43 ਵਿਭਾਗਾਂ ਦਾ ਕੰਮ ਠੱਪ ਹੋ ਗਿਆ ਹੈ। ਮੰਤਰੀ ਮੰਡਲ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਭਾਵਿਤ ਹੋਈ ਸੀ।

ਮਨਿਸਟੀਰੀਅਲ ਮੁਲਾਜ਼ਮ ਆਗੂ ਜਗਦੀਸ਼ ਠਾਕੁਰ ਨੇ ਕਿਹਾ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਬਕਾਇਆ ਤਿੰਨ ਕਿਸ਼ਤਾਂ ਜਾਰੀ ਕਰਨਾ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਨ੍ਹਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਇਹਨਾਂ ਮੰਗਾਂ ‘ਤੇ ਹੋਈ ਚਰਚਾ

– ਪੁਰਾਣੀ ਪੈਨਸ਼ਨ ਸਕੀਮ ਸਬੰਧੀ ਜਲਦ ਕਾਰਵਾਈ ਦਾ ਮਿਲਿਆ ਭਰੋਸਾ
– ਬੰਦ ਹੋਏ ਭੱਤੇ ਬਹਾਲ ਕਰਨ ਸਬੰਧੀ ਤੁਰੰਤ ਪੱਤਰ ਜਾਰੀ ਕਰਨ ਦੇ ਹੁਕਮ
– ਵਿਭਾਗਾਂ ਵਿਚ ਖ਼ਾਲੀ ਪੋਸਟਾਂ ਨੂੰ ਜਲਦ ਭਰਨ ਦੇ ਆਦੇਸ਼
– ਮੁੱਖ ਮੰਤਰੀ ਵੱਲੋਂ ਹੜਤਾਲ ਦੀ ਬਜਾਏ ਬੈਠ ਕੇ ਗੱਲ ਕਰਨ ਦੀ ਸਲਾਹ
– ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਅੱਗੇ ਵੀ ਮੀਟਿੰਗ ਰਾਹੀਂ ਹੱਲ ਹੋਣਗੇ ਮਸਲੇ