ਬਰਨਾਲਾ : ਬਰਨਾਲਾ ਸ਼ਹਿਰ ਵਿਚ ਐਤਵਾਰ ਦੇਰ ਰਾਤ ਕਬੱਡੀ ਖਿਡਾਰੀਆਂ ਵੱਲੋਂ ਪੁਲਿਸ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਇਕ ਕਰੋੜ ਦੀ ਮਦਦ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਬਰਨਾਲਾ ‘ਚ ਬੀਤੀ ਸ਼ਾਮ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਵਿੱਚ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ। ਮਾਨ ਨੇ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਦਰਸ਼ਨ ਸਿੰਘ ਜੀ ਦੇ ਪਰਿਵਾਰ ਵਾਲਿਆਂ ਨਾਲ ਦਿਲੋਂ ਹਮਦਰਦੀ। ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵਾਂਗੇ ਤੇ ਨਾਲ ਹੀ HDFC ਬੈਂਕ ਵੱਲੋਂ ਵੀ 1 ਕਰੋੜ ਰੁਪਏ ਸਹਾਇਤਾ ਰਾਸ਼ੀ ਅਲੱਗ ਤੋਂ ਦਿੱਤੀ ਜਾਵੇਗੀ।ਬਹਾਦਰ ਪੁਲਿਸ ਕਰਮੀ ਦੇ ਜਜ਼ਬੇ ਨੂੰ ਦਿਲੋਂ ਸਲਾਮ।
ਬਰਨਾਲਾ ‘ਚ ਬੀਤੀ ਸ਼ਾਮ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ…ਜਿਸ ਵਿੱਚ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ…ਪ੍ਰਸ਼ਾਸਨ ਤੇ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ…ਦੋਸ਼ੀਆਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ…
ਦਰਸ਼ਨ ਸਿੰਘ ਜੀ ਦੇ ਪਰਿਵਾਰ ਵਾਲਿਆਂ ਨਾਲ ਦਿਲੋਂ ਹਮਦਰਦੀ…ਸਰਕਾਰ ਵੱਲੋਂ ਸਹਾਇਤਾ… pic.twitter.com/OSTV1vA3j7
— Bhagwant Mann (@BhagwantMann) October 23, 2023
ਦੱਸ ਦਈਏ ਕਿ ਲੰਘੇ ਕੱਲ ਦੇਰ ਰਾਤ ਬਰਨਾਲਾ ‘ਚ ਇਕ ਪੁਲਿਸ ਮੁਲਾਜ਼ਮ ਨੂੰ ਲੈ ਕੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਬੱਡੀ ਖਿਡਾਰੀਆਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀਆਂ ਤੇ ਇਕ ਰੈਸਟੋਰੈਂਟ ਮਾਲਕ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਪੁਲਿਸ ਇਥੇ ਪਹੁੰਚੀ ਸੀ।
ਪੁਲਿਸ, ਕਬੱਡੀ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਇਸੇ ਦੌਰਾਨ ਗੱਡੀ ‘ਚ ਬਿਠਾਉਣ ਮੌਕੇ ਝੜਪ ਹੋ ਗਈ। ਇਸ ਦੌਰਾਨ ਝੜਪ ਵਿਚ ਹੌਲਦਾਰ ਦਰਸ਼ਨ ਸਿੰਘ ਦੀ ਮੌਤ ਹੋ ਗਈ। ਮੁਲਜ਼ਮ ਅੰਤਰਾਸ਼ਟਰੀ ਕਬੱਡੀ ਖਿਡਾਰੀ ਦੱਸੇ ਜਾ ਰਹੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਫਿਲਹਾਲ ਪੁਲਿਸ ਨੇ ਮੀਡੀਆ ਨੂੰ ਕੋਈ ਬਿਆਨ ਨਹੀਂ ਦਿੱਤਾ ਹੈ। ਮ੍ਰਿਤਕ ਦਰਸ਼ਨ ਸਿੰਘ ਪਿਛਲੇ ਕਾਫੀ ਸਮੇਂ ਤੋਂ ਥਾਣਾ ਸਿਟੀ ਇੱਕ ਵਿੱਚ ਕਾਂਸਟੇਬਲ ਵਜੋਂ ਡਿਊਟੀ ਕਰ ਰਿਹਾ ਸੀ। ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ।
ਘਟਨਾ ਦੇ ਚਸ਼ਮਦੀਦ ਗਵਾਹ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕੁਝ ਕਬੱਡੀ ਖਿਡਾਰੀ 25 ਏਕੜ ਵਿਚ ਬਣੇ ਰੈਸਟੋਰੈਂਟ ਵਿਚ ਬੈਠ ਕੇ ਸ਼ਰਾਬ ਪੀ ਰਹੇ ਸਨ। ਕਿਸੇ ਗੱਲ ਨੂੰ ਲੈ ਕੇ ਰੈਸਟੋਰੈਂਟ ਮਾਲਕ ਅਤੇ ਕਬੱਡੀ ਖਿਡਾਰੀਆਂ ਵਿਚਾਲੇ ਝਗੜਾ ਹੋ ਗਿਆ, ਇਸ ਤੋਂ ਬਾਅਦ ਰੈਸਟੋਰੈਂਟ ਮਾਲਕਾਂ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ। ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਮਗਰੋਂ ਮੁਲਜ਼ਮਾਂ ਨੇ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਉਸ ਨੂੰ ਉਸ ਦਾ ਸਾਥੀ ਮੁਲਾਜਣ ਸਿਵਲ ਹਸਪਤਾਲ ਬਰਨਾਲਾ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਸੜਕ ’ਤੇ ਸੁੱਟੇ ਜਾਣ ਕਾਰਨ ਉਸ ਦਾ ਸਿਰ ਸੜਕ ’ਤੇ ਵੱਜ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮ ਉੱਥੋਂ ਚਲੇ ਗਏ। ਇਸ ਤੋਂ ਬਾਅਦ ਮੁਲਜ਼ਮ ਕਬੱਡੀ ਖਿਡਾਰੀ ਰੈਸਟੋਰੈਂਟ ਵਿੱਚ ਭੰਨਤੋੜ ਕਰਕੇ ਫ਼ਰਾਰ ਹੋ ਗਏ।