India

30 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 5 ਸਾਲਾ ਮਾਸੂਮ ਬੱਚਾ, ਤਿੰਨ ਘੰਟਿਆਂ ‘ਚ ਰੈਸਕਿਉ ਕਰ ਸੁਰੱਖਿਅਤ ਕੱਢਿਆ ਬਾਹਰ

ਰਾਜਸਥਾਨ ਦੇ ਲਕਸ਼ਮਣਗੜ੍ਹ ਜ਼ਿਲ੍ਹੇ ਦੇ ਕਨਵਾੜਾ ਮੋੜ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਪੰਜ ਸਾਲ ਦਾ ਮਾਸੂਮ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਮਾਮਲੇ ਦੀ ਸੂਚਨਾ ਮਿਲਣ ‘ਤੇ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਬੱਚੇ ਨੂੰ ਬਚਾਉਣ ਲਈ ਜੈਪੁਰ ਤੋਂ ਟੀਮ ਬੁਲਾਈ ਗਈ। ਕਰੀਬ 3 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਬੱਚੇ ਨੂੰ ਬਾਹਰ ਕੱਢ ਲਿਆ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਚਾ ਖੁੱਲ੍ਹੇ ਬੋਰਵੈੱਲ ਕੋਲ ਖੇਡ ਰਿਹਾ ਸੀ। ਅਚਾਨਕ ਉਹ ਬੋਰਵੈੱਲ ਨੇੜੇ ਆ ਗਿਆ ਤੇ ਨੀਚੇ ਡਿੱਗ ਗਿਆ। ਸੂਚਨਾ ਮਿਲਣ ਤੋਂ ਬਾਅਦ ਐਸਡੀਐਮ ਮੋਹਕਮ ਸਿੰਘ ਸਿਨਹਾਵਰ ਅਤੇ ਡੀਐਸਪੀ ਕੈਲਾਸ਼ ਜਿੰਦਲ ਪੁੱਜੇ। ਜੇਸੀਬੀ ਦੀ ਮਦਦ ਨਾਲ ਖੁਦਾਈ ਕਰਕੇ ਬੱਚੇ ਨੂੰ ਬਚਾਇਆ ਗਿਆ। ਇਸ ਮੌਕੇ ਸੈਂਕੜੇ ਪਿੰਡ ਵਾਸੀ ਹਾਜ਼ਰ ਸਨ।

ਸਭ ਤੋਂ ਪਹਿਲਾਂ ਪ੍ਰਸ਼ਾਸਨ ਨੇ ਗਰਮੀ ਦੇ ਮੱਦੇਨਜ਼ਰ ਬੱਚੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ। ਬੱਚੇ ਨੂੰ ਪਾਣੀ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਉਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜੇਸੀਬੀ ਦੀ ਮਦਦ ਨਾਲ ਬੋਰਵੈੱਲ ਨਾਲ ਖੁਦਾਈ ਸ਼ੁਰੂ ਕੀਤੀ ਗਈ। ਕਾਫੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਸ ਨੂੰ ਸਿੱਧਾ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਬੋਰਵੈੱਲ ‘ਚ ਬੱਚਾ ਡਿੱਗਿਆ ,ਉਹ ਕਰੀਬ 100 ਫੁੱਟ ਡੂੰਘਾ ਹੈ।

ਬੱਚੇ ਨੂੰ ਸਫਲਤਾਪੂਰਵਕ ਬਚਾਉਣ ਤੋਂ ਬਾਅਦ ਰਾਜਸਥਾਨ ਦੇ ਸੀਐਮ ਭਜਨ ਲਾਲ ਸ਼ਰਮਾ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਨੇ ਬਚਾਅ ਕਾਰਜ ‘ਚ ਲੱਗੇ ਲੋਕਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਲਿਖਿਆ ਹੈ ਕਿ ਵਿਸ਼ਵਾਸ, ਸੰਘਰਸ਼ ਅਤੇ ਅਟੁੱਟ ਇੱਛਾ ਸ਼ਕਤੀ ਨੂੰ ਸਲਾਮ। ਅਲਵਰ ਦੇ ਲਕਸ਼ਮਣਗੜ੍ਹ ‘ਚ ਜਿਸ ਤਰ੍ਹਾਂ 5 ਸਾਲ ਦੇ ਬੱਚੇ ਨੂੰ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ। ਇਹ ਬਹੁਤ ਸੁਖਦ ਖ਼ਬਰ ਹੈ। ਬਚਾਅ ਟੀਮ ਵਿੱਚ ਸ਼ਾਮਲ ਸਾਰੇ ਮਿਹਨਤੀ ਲੋਕਾਂ ਦਾ ਧੰਨਵਾਦ। ਸੀਐਮ ਨੇ ਡਾਕਟਰਾਂ ਨੂੰ ਬੱਚੇ ਦੀ ਦੇਖਭਾਲ ਦੇ ਨਿਰਦੇਸ਼ ਜਾਰੀ ਕੀਤੇ ਹਨ।