ਹਿਮਾਚਲ ਦੇ ਸ਼ਿਮਲਾ ‘ਚ ਪੰਜਾਬ ਦੀ ਇੱਕ ਮਹਿਲਾ ਮਾਡਲ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੀ ਰਹਿਣ ਵਾਲੀ ਪੀੜਤ ਨੇ ਨਿਊ ਸ਼ਿਮਲਾ ਮਹਿਲਾ ਥਾਣੇ ‘ਚ ਐੱਫ਼.ਆਈ.ਆਰ. ਦਰਜ ਕਰਵਾਈ ਹੈ। ਉਸ ਨੇ ਲੁਧਿਆਣਾ ਦੇ ਜਗਤਾਰ ਸਿੰਘ ਸੰਧੂ ‘ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ।
ਹਿਮਾਚਲ ਪੁਲਿਸ ਨੇ ਜਬਰ-ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ ਉਹ 22 ਦਸੰਬਰ ਨੂੰ ਸ਼ੂਟਿੰਗ ਲਈ ਸ਼ਿਮਲਾ ਆਈ ਸੀ ਅਤੇ ਰਾਤ ਨੂੰ ਸ਼ਿਮਲਾ ਦੇ ਇਕ ਹੋਟਲ ‘ਚ ਰੁਕੀ ਸੀ। ਇਸ ਦੌਰਾਨ ਜਗਤਾਰ ਸਿੰਘ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। 23 ਸਾਲਾਂ ਪੀੜਤ ਮਾਡਲ ਨੇ ਬੁੱਧਵਾਰ ਨੂੰ ਨਿਊ ਸ਼ਿਮਲਾ ਮਹਿਲਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਵਿਆਹੁਤਾ ਦੱਸੀ ਜਾ ਰਹੀ ਹੈ।
ਅੱਜ ਪੁਲੀਸ ਨੇ ਉਸ ਹੋਟਲ ਦਾ ਵੀ ਦੌਰਾ ਕੀਤਾ, ਜਿੱਥੇ ਮਾਡਲ ਨਾਲ ਸਰੀਰਕ ਸਬੰਧ ਬਣਾਏ ਗਏ ਸਨ। ਪੁਲਿਸ ਨੇ ਹੋਟਲ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਅਤੇ ਹੋਟਲ ਸਟਾਫ਼ ਤੋਂ ਪੁੱਛਗਿੱਛ ਕੀਤੀ।
ਐਸਐਚਓ ਮਹਿਲਾ ਥਾਣਾ ਜੋਤੀ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਔਰਤ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਦੀ ਟੀਮ ਜਲਦ ਹੀ ਪੰਜਾਬ ਜਾ ਕੇ ਮੁਲਜ਼ਮ ਨੂੰ ਟਰੇਸ ਕਰੇਗੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।