Punjab

ਸੱਥ ਨੇ ‘PU’ ਦੀ ਮੀਤ ਪ੍ਰਧਾਨ ਰਣਮੀਕ ਕੌਰ ਨੂੰ ਪਾਰਟੀ ਤੋਂ ਕੱਢਿਆ !

ਬਿਉਰੋ ਰਿਪੋਰਟ : ਸਤੰਬਰ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਸੱਥ ਤੋਂ ਚੋਣ ਜਿੱਤ ਕੇ ਮੀਤ ਪ੍ਰਧਾਨ ਬਣਨ ਵਾਲੀ ਰਣਮੀਕ ਕੌਰ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ । ਉਨ੍ਹਾਂ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਹਨ । ਦੱਸਿਆ ਜਾ ਰਿਹਾ ਹੈ ਕਿ ਰਣਮੀਕ ਕੌਰ ਨੂੰ ਦਫ਼ਤਰ ਵਿੱਚ ਮਨੁੱਖੀ ਅਧਿਕਾਰਾ ਦੇ ਸਭ ਤੋਂ ਵੱਡੇ ਕਾਰਕੂੰਨ ਜਸਵੰਤ ਸਿੰਘ ਖਾਲੜਾ ਦੀ ਫੋਟੋ ਲਗਾਉਣ ਨੂੰ ਲੈਕੇ ਇਤਰਾਜ਼ ਸੀ । ਸੱਥ ਦੇ ਫਾਉਂਡਰ ਮੈਂਬਰ ਜੋਧ ਸਿੰਘ ਨੇ ‘ਦ ਖਾਲਸ ਟੀਵੀ ਨਾਲ ਖਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਣਮੀਕ ਕਿਸੇ ਵੀ ਸੂਰਤ ਵਿੱਚ ਆਪਣੇ ਦਫਤਰ ਵਿੱਚ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਨਹੀਂ ਲਗਵਾਉਣਾ ਚਾਹੁੰਦੀ ਸੀ । ਪਰ ਉਨ੍ਹਾਂ ਨੂੰ ਮਨਾਉਣ ਤੋਂ ਬਾਅਦ ਤਸਵੀਰ ਤਾਂ ਲੱਗ ਗਈ । ਪਰ ਉਨ੍ਹਾਂ ਦਾ ਪਾਰਟੀ ਦੀ ਪਾਲਿਸੀ ਨੂੰ ਲੈਕੇ ਸਟੈਂਡ ਲਗਾਤਾਰ ਵੱਖ ਹੁੰਦਾ ਜਾ ਰਿਹਾ ਸੀ । ਉਹ ਦੂਜੀ ਪਾਰਟੀਆਂ ਦੇ ਸੰਪਰਕ ਵਿੱਚ ਸਨ। ਬੀਤੇ ਦਿਨੀ ਜਦੋਂ ਪੰਜਾਬ ਯੂਨੀਵਰਸਿਟੀ ਵਿੱਚ SYL ਦੇ ਮੁੱਦੇ ‘ਤੇ ਡਿਬੇਟ ਰੱਖੀ ਗਈ ਤਾਂ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਰਣਮੀਕ ਨੂੰ ਸਨਮਾਨਿਤ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਨਾ ਚਾਹੁੰਦੀ ਹਾਂ। ਜਿਸ ਤੋਂ ਬਾਅਦ ਸੱਥ ਨੇ ਸਟੈਂਡ ਲੈਂਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਅਤੇ ਸਾਫ ਕਰ ਦਿੱਤਾ ਕਿ ਮੀਤ ਪ੍ਰਧਾਨ ਵਜੋਂ ਰਣਮੀਕ ਕੌਰ ਦੇ ਕਿਸੇ ਵੀ ਫੈਸਲੇ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ ।

ਰਣਮੀਕ ਕੌਰ ਦਾ ਸੱਥ ‘ਤੇ ਇਲਜ਼ਾਮ

ਰਣਮੀਕ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਪਾਰਟੀ ਨੇ ਵੋਟਾਂ ਦੇ ਲਈ ਮੇਰੀ ਵਰਤੋਂ ਕੀਤੀ ਹੈ । ਪਾਰਟੀ ਨੇ ਬੇਵਫਾਈ ਕੀਤੀ ਹੈ ਮੈਂ ਹਮੇਸ਼ਾ ਕਿਸੇ ਵੀ ਸਿਆਸੀ ਪਾਰਟੀ ਨਾਲ ਨਾ ਜੁੜਨ ਦੇ ਬਾਰੇ ਸਟੈਂਡ ਲਿਆ ਸੀ। ਪਾਰਟੀ ਨੇ ਹੀ ਮੈਨੂੰ ਉਮੀਦਵਾਰ ਬਣਾਇਆ ਸੀ। ਜਦੋਂ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਸਨ ਤਾਂ ਰਣਮੀਕ ਕੌਰ ਦੇ ਪ੍ਰਚਾਰ ਦੌਰਾਨ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਹਰ ਪਾਸੇ ਨਜ਼ਰ ਆਉਂਦੀ ਸੀ । ਜਦੋਂ ਰਣਮੀਕ ਕੌਰ ਨੇ ਜਿੱਤ ਵੀ ਹਾਸਲ ਕੀਤੀ ਸੀ ਤਾਂ ਉਸ ਵੇਲੇ ਵੀ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਲਹਿਰਾਈ ਗਈ ਸੀ।

ਜਥੇਦਾਰਾਂ ਨੇ ਰਣਮੀਕ ਦੀ ਜਿੱਤ ਨੂੰ ਇਤਿਹਾਸਕ ਦੱਸਿਆ ਸੀ

ਰਣਮੀਕ ਕੌਰ ਨੇ ਜਦੋਂ ਚੋਣ ਜਿੱਤੀ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਅਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਧਾਈ ਦਿੱਤੀ ਸੀ । ਗਿਆਨ ਹਰਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ‘ਅਠਾਰਵੀਂ ਸਦੀ ‘ਚ ਇਕ ਅਜਿਹਾ ਸਮਾਂ ਆਇਆ, ਜਦੋ ਮੁਗਲ ਸਰਕਾਰ ਅਤੇ ਸਰਕਾਰ ਵਲੋਂ ਫੈਲਾਏ ਫਰਮ ਜਾਲ ਚ ਫਸੇ ਲੋਕਾਂ ਨੇ ਮੰਨ ਲਿਆ ਕੇ ਸਿੱਖ ਹੁਣ ਖਤਮ ਹੋ ਗਏ ਨੇ ਤੇ ਹੁਣ ਸਿੱਖੀ ਦੀ ਗੂੰਜ ਨਹੀ ਗੂੰਜੇਗੀ। ਪਰ ਧੰਨ ਬਾਬਾ ਬੋਤਾ ਸਿੰਘ ਜੀ ਤੇ ਧੰਨ ਬਾਬਾ ਗਰਜਾ ਸਿੰਘ ਜੀ, ਜਿਨ੍ਹਾਂ ਦੀ ਮਾਰੀ ਇਕ ਦਹਾੜ ਨੇ ਭਰਮ ਦੇ ਬੱਦਲ ਚੀਰ ਦਿੱਤੇ। ਅੱਜ ਵੀ ਪੰਜਾਬ ਵਿਚ ਸਰਕਾਰਾਂ ਦੇ ਸੋਸ਼ਲ ਮੀਡੀਆ ਵਿੰਗਾਂ ਦੁਆਰਾ ਗੁੰਮਰਾਹ ਕੀਤੇ ਲੋਕ ਤੇ ਨਾਸਤਿਕਵਾਦੀ ਕਾਮਰੇਡੀ ਸੋਚ ਦੇ ਕੰਧਾੜੀ ਚੜ੍ਹੇ ਟੋਲੇ, ਦਿਨ ਦਿਹਾੜੇ ਇਹ ਆਖਣ ਕੇ ਪੰਜਾਬ ਦੀ ਧਰਤੀ ਤੇ ਸਿੱਖ ਮੁੱਦਿਆਂ ਦੀ ਗੱਲ ਕਰਨੀ ਹਵਾ ਚ ਹੱਥ ਮਾਰਨੇ ਆ। ਐਨ ਓਸ ਮੌਕੇ ਪੰਜਾਬ ਦੀ ਹਿੱਕ ਖੁਰਚ ਕੇ ਵਸਾਏ ਪੱਥਰਾਂ ਦੇ ਸ਼ਹਿਰ ਚੰਡੀਗੜ ਦੀ ਪੰਜਾਬ ਯੁਨੀਵਰਸਿਟੀ ਚ ਸਿੱਖ ਮਸਲੇ ਤਲੀ ਤੇ ਰੱਖ ਕੇ ਪ੍ਰਾਪਤ ਕੀਤੀ ਇਹ ਨਿੱਕੀ ਜਿਹੀ ਜਿੱਤ ਵੱਡੇ ਅਰਥ ਰਖਦੀ ਹੈ। ਮੁਬਾਰਕ ਧੀਏ!’