India International Punjab

“ਕਦੋਂ ਦੇ ਵਿਛੜੇ ਇੱਥੇ ਆ ਕੇ ਮਿਲੇ” ਕਰਤਾਰਪੁਰ ਲਾਂਘੇ ‘ਚ 76 ਸਾਲਾਂ ਬਾਅਦ ਮਿਲੇ ਵਿਛੜੇ ਭਰਾ-ਭੈਣ…

ਕਰਤਾਰਪੁਰ ਕੋਰੀਡੋਰ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਣ ਲੱਗਾ ਹੈ। ਇਹ ਵਿੱਛੜਿਆਂ ਨੂੰ ਮਿਲਾਉਣ ਦੇ ਕੇਂਦਰ ਵਜੋਂ ਉੱਭਰਿਆ ਹੈ। ਹੁਣ ਇੱਕ ਹੋਰ ਤਾਜ਼ਾ ਮਾਮਲੇ ਵਿੱਚ ਲੰਮੇ ਸਮੇਂ ਬਾਅਦ ਗੁੰਮ ਹੋਏ ਭਰਾ-ਭੈਣ ਦਾ ਮੇਲ ਕਰਵਾਇਆ ਹੈ। ਪਾਕਿਸਤਾਨ ‘ਚ ਰਹਿ ਰਹੇ ਮੁਹੰਮਦ ਇਸਮਾਈਲ ਅਤੇ ਉਨ੍ਹਾਂ ਦੀ ਚਚੇਰੀ ਭੈਣ ਸੁਰਿੰਦਰ ਕੌਰ ਭਾਰਤ ਦੇ ਜਲੰਧਰ ਤੋਂ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ ਅਤੇ ਦੋਵੇਂ 76 ਸਾਲ ਬਾਅਦ ਮਿਲ ਸਕੇ। ਭੈਣ-ਭਰਾ ਦੀ ਇਹ ਕਹਾਣੀ ਸੋਸ਼ਲ ਮੀਡੀਆ ਕਾਰਨ ਹੀ ਸੰਭਵ ਹੋ ਸਕੀ। ਲਾਹੌਰ ‘ਚ ਇਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਕਰੀਬ 76 ਸਾਲ ਪਹਿਲਾਂ ਇਹ ਪਰਿਵਾਰ ਸ਼ਾਹਕੋਟ, ਜਲੰਧਰ ‘ਚ ਰਹਿੰਦਾ ਸੀ ਪਰ ਦੰਗਿਆਂ ਨੇ ਇਸ ਨੂੰ ਵੱਖ ਕਰ ਦਿੱਤਾ ਸੀ।

ਇਸ ਤੋਂ ਬਾਅਦ ਦੋਵੇਂ ਆਪਣਿਆਂ  ਨੂੰ ਮਿਲਣ ਲਈ ਕਈ ਕੋਸ਼ਿਸ਼ਾਂ ਕਰਦੇ ਰਹੇ ਪਰ ਕਾਮਯਾਬ ਨਹੀਂ ਹੋਏ। ਹੁਣ ਦੋਵਾਂ ਦੀ ਉਮਰ 80 ਸਾਲ ਦੇ ਕਰੀਬ ਹੈ। ਉਸ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਕਿ ਇੱਕ ਦਿਨ ਉਹ ਆਪਣੇ ਪਰਿਵਾਰ ਨੂੰ ਮਿਲ ਸਕੇਗਾ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਪ੍ਰਸ਼ਾਸਨ ਨੇ ਚਚੇਰੇ ਭਰਾਵਾਂ ਨੂੰ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੂੰ ਮਠਿਆਈਆਂ ਅਤੇ ਲੰਗਰ ਛਕਾਇਆ। ਇੱਕ ਪੰਜਾਬੀ ਯੂਟਿਊਬ ਚੈਨਲ ਨੇ ਸਾਹੀਵਾਲ, ਪੰਜਾਬ, ਪਾਕਿਸਤਾਨ ਦੇ ਮੁਹੰਮਦ ਇਸਮਾਈਲ ਬਾਰੇ ਇੱਕ ਕਹਾਣੀ ਪੋਸਟ ਕੀਤੀ ਸੀ।

ਚੈਨਲ ਨੇ ਇਸਮਾਇਲ ਦੀ ਕਹਾਣੀ ਪੋਸਟ ਕੀਤੀ ਜਿਸ ਦੇ ਬਾਅਦ ਆਸਟ੍ਰੇਲੀਆ ਦੇ ਇਕ ਸਰਦਾਰ ਮਿਸ਼ਨ ਸਿੰਘ ਨਾਲ ਉਸ ਨਾਲ ਸੰਪਰਕ ਕੀਤਾ ਤੇ ਉਸ ਨੂੰ ਭਾਰਤ ਵਿਚ ਆਪਣੇ ਲਾਪਤਾ ਪਰਿਵਾਰ ਦੇ ਮੈਂਬਰਾਂ ਬਾਰੇ ਸੂਚਿਤ ਕੀਤਾ। ਸਿੰਘ ਨੇ ਇਸਮਾਇਲ ਨੂੰ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਦਿੱਤਾ ਜਿਸ ਦੇ ਬਾਅਦ ਦੋਵੇਂ ਕਜ਼ਨ ਭੈਣ-ਭਰਾ ਨੇ ਗੱਲਬਾਤ ਕੀਤੀ ਤੇ ਕਰਤਾਰਪੁਰ ਗਲਿਆਰੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਚ ਮਿਲਣ ਦਾ ਫੈਸਲਾ ਕੀਤਾ। ਉੁਨ੍ਹਾਂ ਦੇ ਪੁਨਰਮਿਲਣ ਦੌਰਾਨ ਭਾਵਨਾਤਮਕ ਦ੍ਰਿਸ਼ ਦੇਖੇ ਗਏ।

ਭਾਰਤ ਤੋਂ ਆਈ ਸੁਰਿੰਦਰ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਵੀ ਧਾਰਮਿਕ ਰਸਮਾਂ ਨਿਭਾਈਆਂ। ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜਦਾ ਹੈ। ਭਾਰਤੀ ਸਿੱਖ ਸ਼ਰਧਾਲੂ ਚਾਰ ਕਿਲੋਮੀਟਰ ਲੰਬੇ ਗਲਿਆਰੇ ਤੱਕ ਪਹੁੰਚ ਕਰ ਸਕਦੇ ਹਨ ਅਤੇ ਬਿਨਾਂ ਵੀਜ਼ੇ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।