Punjab

ਪੰਜਾਬ ਹਾਈਕੋਰਟ ਵਲੋਂ ਪਰਮਜੀਤ ਸਿੰਘ ਭਿਓਰਾ ਦੀ ਜ਼ਮਾਨਤ ਪਟੀਸ਼ਨ ਰੱਦ…

The Punjab High Court rejected the bail plea of Paramjit Singh Bhiora...

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਜੇਲ ਵਿਚ ਬੰਦ ਪਰਮਜੀਤ ਸਿੰਘ ਭਿਓਰਾ ਦੀ ਜ਼ਮਾਨਤ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਭਿਓਰਾ ਨੇ 29 ਅਕਤੂਬਰ ਨੂੰ ਦਿੱਲੀ ‘ਚ ਹੋਣ ਵਾਲੇ ਅਪਣੀ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ।

ਬੇਅੰਤ ਸਿੰਘ ਕਤਲ ਕੇਸ ਅਤੇ ਬੁੜੈਲ ਜੇਲ ਬ੍ਰੇਕ ਕੇਸ ‘ਚ ਸਜ਼ਾਯਾਫ਼ਤਾ ਪਰਮਜੀਤ ਭਿਓਰਾ ਨੇ ਸੋਮਵਾਰ ਨੂੰ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਭਤੀਜੀ ਦੇ ਵਿਆਹ ਲਈ ਛੇ ਘੰਟਿਆਂ ਦੀ ਪੈਰੋਲ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਪੈਰੋਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦੱਸ ਦਈਏ ਕਿ, ਭਿਓਰਾ ਬੇਅੰਤ ਸਿੰਘ ਕਤਲ ਕਾਂਡ ਦਾ ਮੁਲਜ਼ਮ ਹੈ।

ਦਾਇਰ ਪਟੀਸ਼ਨ ਵਿਚ ਭਿਓਰਾ ਨੇ ਕਿਹਾ ਕਿ ਉਸ ਦੀ ਭਤੀਜੀ ਦਾ ਵਿਆਹ 29 ਅਕਤੂਬਰ ਨੂੰ ਦਿੱਲੀ ‘ਚ ਹੈ ਜਿਸ ਵਿਚ ਉਹ ਸ਼ਾਮਲ ਹੋਣਾ ਚਾਹੁੰਦਾ ਹੈ। ਇਸ ਲਈ ਉਸ ਨੂੰ 29 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤਕ ਛੇ ਘੰਟਿਆਂ ਲਈ ਪੈਰੋਲ ਦਿਤੀ ਜਾਵੇ।

ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਭਿਓਰਾ ਬੇਅੰਤ ਸਿੰਘ ਧਮਾਕੇ ਵਿਚ ਜਗਤਾਰ ਸਿੰਘ ਹਵਾਰਾ ਦਾ ਸਹਿਯੋਗੀ ਸੀ ਅਤੇ ਉਨ੍ਹਾਂ ਉਤੇ ਦੋਸ਼ ਸੀ ਕਿ ਉਨ੍ਹਾਂ ਨੇ ਕਤਲ ਵਿਚ ਵਰਤੀ ਗਈ ਕਾਰ ਖ਼ਰੀਦੀ ਸੀ। ਭਿਓਰਾ ਨੂੰ 1997 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 2004 ਤੱਕ ਬੁੜੈਲ ਜੇਲ ਵਿਚ ਰਹੇ।

ਜਿਹੜੇ ਚਾਰ ਕੈਦੀ ਬੁੜੈਲ ਜੇਲ ਵਿਚੋਂ ਸੁਰੰਗ ਪੁੱਟ ਕੇ ਫ਼ਰਾਰ ਹੋਏ ਸੀ ਉਨ੍ਹਾਂ ਵਿਚ ਭਿਓਰਾ ਵੀ ਸ਼ਾਮਲ ਸੀ। ਉਨ੍ਹਾਂ ਨੂੰ ਮਾਰਚ 2006 ਵਿਚ ਮੁੜ ਗ੍ਰਿਫਤਾਰ ਕੀਤਾ ਗਿਆ ਸੀ। ਭਿਓਰਾ ਨੂੰ ਕਦੇ ਵੀ ਨਿਯਮਤ ਪੈਰੋਲ ਨਹੀਂ ਦਿਤੀ ਗਈ। ਉਨ੍ਹਾਂ ਨੂੰ ਦੋ ਸਾਲ ਸੱਤ ਮਹੀਨੇ ਤੋਂ ਵੱਧ ਰਿਮੀਸ਼ਨ ਮਿਲੀ ਹੈ। ਜਿਸ ਨੂੰ ਮਿਲਾ ਕੇ ਉਨ੍ਹਾਂ ਦੀ ਸਜ਼ਾ 24 ਸਾਲ ਤੋਂ ਵੱਧ ਬਣਦੀ ਹੈ।