Punjab

‘ਭਗਵੰਤ ਮਾਨ,ਕੁਲਤਾਰ ਸੰਧਵਾਂ ਅਸਤੀਫਾ ਦੇਣ’! ’75 ਲੱਖ ਵਸੂਲਿਆਂ ਜਾਵੇ’! ‘ਤੁਸੀਂ ਸਾਬਿਤ ਕਰ ਦਿੱਤਾ ਕਿਸ ਦੇ ਇਸ਼ਾਰੇ ‘ਤੇ ਖੇਡ ਰਹੇ ਹੋ’ !

ਬਿਉਰੋ ਰਿਪੋਰਟ : ਪੰਜਾਬ ਵਿਧਾਨਸਭਾ ਦਾ 2 ਦਿਨਾਂ ਦਾ ਸਪੈਸ਼ਲ ਸੈਸ਼ਨ ਅੱਧੇ ਦਿਨ ਵਿੱਚ ਖਤਮ ਹੋਣ ਤੋਂ ਬਾਅਦ ਹੁਣ ਅਕਾਲੀ ਦਲ ਤੋਂ ਬਾਅਦ ਕਾਂਗਰਸ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਬੁਰੀ ਤਰ੍ਹਾਂ ਘੇਰਾ ਪਾ ਲਿਆ ਹੈ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਅਸਤੀਫੇ ਦੀ ਮੰਗ ਕਰ ਲਈ ਹੈ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘x’ ‘ਤੇ ਲਿਖਿਆ ‘ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੈਰ ਕਾਨੂੰਨੀ ਸੈਸ਼ਨ ਬੁਲਾਇਆ ਹੈ ਜਿਸ ਦੇ ਲਈ ਉਹ ਫੌਰਨ ਅਸਤੀਫਾ ਦੇਣ, ਜਿਸ ਤਰ੍ਹਾਂ ਸਪੀਕਰ ਨੇ ਸੈਸ਼ਨ ਨੂੰ ਵਿੱਚ ਹੀ ਮੁਲਤਵੀ ਕੀਤਾ ਹੈ ਉਸ ਤੋਂ ਸਾਫ ਹੈ ਇਹ ਗੈਰ ਕਾਨੂੰਨੀ ਸੀ । ਇਸ ਲਈ ਸਰਕਾਰ ਇਸ ਦੀ ਨੈਤਿਕ ਜ਼ਿੰਮੇਵਾਰੀ ਲਏ । 1 ਦਿਨ ਵਿਧਾਨਸਭਾ ਸੈਸ਼ਨ ਦੇ ਲਈ 75 ਲੱਖ ਰੁਪਏ ਖਰਚ ਹੁੰਦੇ ਹਨ। ਇਹ ਪੰਜਾਬ ਦੇ ਟੈਕਸ ਦੇਣ ਵਾਲੀ ਮਿਹਨਤ ਕਰਨ ਵਾਲੀ ਜਨਤਾ ਦਾ ਪੈਸਾ ਹੈ ਜਿਸ ਨੂੰ ਆਪ ਦੀ ਸਰਕਾਰ ਨੇ ਖਰਾਬ ਕੀਤਾ ਹੈ। ਆਮ ਆਦਮੀ ਪਾਰਟੀ ਤੋਂ ਇਹ ਪੈਸਾ ਵਸੂਲ ਕੀਤਾ ਜਾਵੇ। ਵਿਧਾਨਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਗੱਲ ‘ਤੇ ਅਫਸੋਸ ਜ਼ਾਹਿਰ ਕੀਤਾ ਸੀ ਕਿ ਰਾਜਪਾਲ ਜੇਕਰ ਸੈਸ਼ਨ ਨੂੰ ਮਨਜ਼ੂਰੀ ਦਿੰਦੇ ਤਾਂ ਸੁਪਰੀਮ ਕੋਰਟ ਵਿੱਚ 25 ਲੱਖ ਲੋਕਾਂ ਦਾ ਪੈਸਾ ਬਰਬਾਦ ਨਾ ਹੁੰਦਾ। ਹੁਣ ਇਸ ਸਰਕਾਰ ਨੇ 75 ਲੱਖ ਬਰਬਾਦ ਕਰ ਦਿੱਤੇ ਹਨ ਅਤੇ ਹੁਣ ਇਸ ਦੀ ਨੈਤਿਕ ਜ਼ਿੰਮੇਵਾਰੀ ਲਏ ਸਰਕਾਰ’। ਬਾਜਵਾ ਦੇ ਇਲਜ਼ਾਮਾਂ ਦਾ ਜਵਾਬ ਆਪ ਵੱਲੋਂ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਿੱਤਾ ।

ਆਪ ਦਾ ਬਾਜਵਾ ਤੇ ਪਲਟਵਾਰ

ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘x’ ‘ਤੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰ ਦੇ ਹੋਏ ਕਿਹਾ ‘ਬਾਜਵਾ ਸਾਬ੍ਹ ਤੁਸੀਂ ਇਸ ਵਾਰ ਮੁੜ ਤੋਂ ਸਾਬਿਤ ਕਰ ਦਿੱਤਾ ਤੁਸੀਂ ਅਤੇ ਪੰਜਾਬ ਕਾਂਗਰਸ ਕਿਵੇਂ ਬੀਜੇਪੀ ਅਤੇ ਰਾਜਪਾਲ ਨਾਲ ਰੱਲ ਕੇ ਕੱਟਪੁਤਲੀ ਵਾਂਗ ਕੰਮ ਕਰ ਰਹੇ ਹੋ। ਸਪੀਕਰ ਨੇ ਆਪ ਵਿਧਾਨਸਭਾ ਸੈਸ਼ਨ ਨੂੰ ਕਾਨੂੰਨੀ ਦੱਸਿਆ ਸੀ । ਕਿਉਂਕਿ ਵਿਧਾਨਸਭਾ ਦੇ ਸੈਸ਼ਨ ਦੀ ਕਾਰਵਾਈ ਮੁਲਤਵੀ ਕੀਤੀ ਗਈ ਸੀ ਇਸ ਲਈ ਰਾਜਪਾਲ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਰਾਜਪਾਲ ਵੱਲੋਂ ਬਿੱਲਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਇਸ ਲਈ ਹੁਣ ਸਰਕਾਰ ਸੁਪਰੀਮ ਕੋਰਟ ਜਾਵੇਗੀ । ਅਸੀਂ ਉਮੀਦ ਕਰਦੇ ਹਾਂ ਰਾਜਪਾਲ ਨੂੰ ਇਸ ਦਾ ਜਵਾਬ ਮਿਲੇਗਾ ਕਿ ਬੇਵਜ੍ਹਾ ਦਖਲ ਅੰਦਾਜ਼ੀ ਦਾ ਨਤੀਜਾ ਕੀ ਹੁੰਦਾ ਹੈ । ਪ੍ਰਤਾਪ ਸਿੰਘ ਬਾਜਵਾ ਤੁਸੀਂ ਰਾਜਪਾਲ ਵੱਲੋਂ ਬੋਲ ਕੇ ਸਾਬਿਤ ਕਰ ਦਿੱਤਾ ਕਿ ਤੁਸੀਂ ਬੀਜੇਪੀ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹੋ । ਇਸ ਵਿੱਚ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ ਸਮੇਂ 89 ਵਾਰ ਰਾਸ਼ਟਰਪਤੀ ਸ਼ਾਸ਼ਨ ਨੂੰ ਲਾਗੂ ਕੀਤਾ ਸੀ। ਸਿਆਸੀ ਮਤਭੇਦ ਹੋਣ ਦੇ ਬਾਵਜੂਦ ਸਾਨੂੰ ਇੱਕਜੁਟ ਹੋ ਕੇ ਰਾਜਪਾਲ ਦੀ ਗੈਰ ਸੰਵਿਧਾਨਕਿ ਕੰਮ ਖਿਲਾਫ ਇਕੱਠੇ ਹੋਣਾ ਚਾਹੀਦਾ ਹੈ।’