India

ਸਵਿਸ ਔਰਤ ਨਾਲ ਭਾਰਤ ਪਹੁੰਚਣ ‘ਤੇ ਹੋਇਆ ਬਹੁਤ ਮਾੜਾ !

ਬਿਉਰੋ ਰਿਪੋਰਟ : ਦਿੱਲੀ ਦੇ ਪੰਜਾਬੀ ਵਸੋ ਵਾਲੇ ਇਲਾਕੇ ਤਿਲਕ ਨਗਰ ਵਿੱਚ ਸਵਿਜ਼ਰਲੈਂਡ ਦੀ ਔਰਤ ਦਾ ਬੇਰਹਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਤੋਂ ਬਾਅਦ ਵਿਦੇਸ਼ੀ ਔਰਤ ਦੀ ਲਾਸ਼ ਕਾਰ ਵਿੱਚ ਹੀ ਪਈ ਰਹੀ। ਜਦੋਂ ਪੁਲਿਸ ਨੇ ਲਾਸ਼ ਨੂੰ ਵੇਖਿਆ ਤਾਂ ਉਸ ਦੇ ਹੱਥ ਪੈਰ ਬੰਨੇ ਹੋਏ ਸਨ। ਇਸ ਕਤਲ ਦਾ ਇਲਜ਼ਾਮ ਗੁਰਪ੍ਰੀਤ ਸਿੰਘ ਨਾਂ ਦੇ ਸ਼ਖਸ ‘ਤੇ ਲਗਿਆ ਹੈ ਜਿਸ ਨੂੰ ਪੁਲਿਸ ਨੇ ਜਦੋਂ ਗ੍ਰਿਫਤਾਰ ਕੀਤਾ ਤਾਂ ਉਸ ਕੋਲੋ 2 ਕਰੋੜ ਨਕਦ ਵੀ ਬਰਾਮਦ ਹੋਏ ਹਨ । ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੋਵੇ ਇੱਕ ਦੂਜੇ ਨੂੰ ਜਾਣ ਦੇ ਸਨ ਅਤੇ ਇਹ ਪੂਰਾ ਮਾਮਲਾ ਜਾਦੂ ਟੋਨੇ ਅਤੇ ਪਿਆਰ ਵਿੱਚ ਧੋਖੇ ਨਾਲ ਸਬੰਧਤ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਦੀ ਗ੍ਰਿਫਤਾਰੀ ਤਕਨੀਕੀ ਜਾਂਚ ਦੇ ਅਧਾਰ ‘ਤੇ ਮਿਲੀ ਜਾਣਕਾਰੀ ਨਾਲ ਹੋਈ ਹੈ ਪੁਲਿਸ ਉਸ ਤੋਂ ਮ੍ਰਿਤਕ ਔਰਤ ਦੀ ਪਛਾਣ ਅਤੇ ਕਤਲ ਦੇ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ। ਔਰਤ ਸਵਿਜ਼ਰਲੈਂਡ ਦੀ ਨਾਗਰਿਕ ਹੈ ਅਤੇ ਉਹ 11 ਅਕੂਬਰ ਨੂੰ ਦਿੱਲੀ ਆਈ ਸੀ । ਪੁਲਿਸ ਦੇ ਮੁਤਾਬਿਕ ਗੁਰਪ੍ਰੀਤ ਦੀ ਔਰਤ ਨਾਲ ਮੁਲਾਕਾਤ ਸਵਿਜ਼ਰਲੈਂਡ ਵਿੱਚ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋਈ ਅਤੇ ਦੋਵਾਂ ਦੇ ਵਿਚਾਲੇ ਪ੍ਰੇਮ ਸਬੰਧ ਵੀ ਬਣ ਗਏ ਸਨ । ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਵੀ 30 ਸਾਲਾਂ ਸਵਿਸ ਔਰਤ ਨੂੰ ਮਿਲਣ ਦੇ ਲਈ ਕਈ ਵਾਰ ਸਵਿਜ਼ਰਲੈਂਡ ਗਿਆ । ਇਹ ਵੀ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਨੇ ਔਰਤ ਨੂੰ ਜੋਤਿਸ਼ ਵਿਦਿਆ ਅਤੇ ਜਾਦੂ ਟੋਨਾ ਸਿਖਾਉਣ ਦਾ ਵਾਅਦਾ ਕੀਤਾ ਸੀ । ਗੁਰਪ੍ਰੀਤ ਸਵਿਸ ਔਰਤ ਨੂੰ ਬਹੁਤ ਪਿਆਰ ਕਰਦਾ ਸੀ ਪਰ ਜਦੋਂ ਉਸ ਨੂੰ ਕਿਸੇ ਹੋਰ ਨਾਲ ਸਬੰਧਾਂ ਦਾ ਸ਼ੱਕ ਹੋਇਆ ਤਾਂ ਗੁੱਸੇ ਵਿੱਚ ਆਕੇ ਗੁਰਪ੍ਰੀਤ ਨੇ ਕਤਲ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੂੰ ਸਕੂਲ ਦੇ ਕੋਲ ਕਾਰ ਖੜੀ ਮਿਲੀ

ਪੁਲਿਸ ਮੁਤਾਬਿਕ ਤਿੰਨ ਦਿਨ ਪਹਿਲਾਂ ਗੁਰਪ੍ਰੀਤ ਨੇ ਸਵਿਸ ਔਰਤ ਦਾ ਕਤਲ ਕਰ ਦਿੱਤਾ ਸੀ ਅਤੇ ਫਿਰ ਕਾਰ ਨੂੰ ਸਰਕਾਰੀ ਸਕੂਲ ਦੇ ਸਾਹਮਣੇ ਖੜਾ ਕਰ ਦਿੱਤਾ ਸੀ। ਤਿੰਨ ਦਿਨ ਤੱਕ ਲਵਾਰਿਸ ਕਾਰ ਨੂੰ ਵੇਖ ਕੇ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕੀਤੀ । ਜਦੋਂ ਪੁਲਿਸ ਨੇ ਕਾਰ ਦਾ ਦਰਵਾਜ਼ਾ ਖੋਲਿਆ ਤਾਂ ਉਸ ਵਿੱਚ ਬਦਬੂ ਆ ਰਹੀ ਸੀ। ਲਾਸ਼ ਦੇ ਹੱਥ ਪੈਰ ਬੰਨੇ ਸਨ ਅਤੇ ਕਾਲੇ ਰੰਗ ਦੇ ਪਲਾਸਟਿਕ ਦੇ ਨਾਲ ਉਸ ਨੂੰ ਡਕਿਆ ਸੀ । ਪੁਲਿਸ ਨੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਫੁਟੇਜ ਵੇਖੀ ਤਾਂ ਪਤਾ ਚੱਲਿਆ ਕਿ ਔਰਤ ਦੀ ਲਾਸ਼ ਕਾਰ ਵਿੱਚ ਲਿਆਈ ਗਈ ਸੀ । ਕਾਰ ਦੀ ਨੰਬਰ ਪਲੇਟ ਵੇਖ ਕੇ ਜਦੋਂ ਪੁਲਿਸ ਮਾਲਿਕ ਤੱਕ ਪਹੁੰਚੀ ਤਾਂ ਉਸ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਹੀ ਕਾਰ ਕਿਸੇ ਸ਼ਖਸ ਨੂੰ ਵੇਚੀ ਸੀ ।