Punjab

ਕਾਂਗਰਸ ਵੱਲੋਂ ਜ਼ੀਰਾ ਦੀ ਗ੍ਰਿਫਤਾਰੀ ਦਾ ਵਿਰੋਧ, ਗ੍ਰਿਫਤਾਰੀ ਨੂੰ ਦਿੱਤਾ ਬਦਲਾਖੋਰੀ ਕਰਾਰ…

Congress opposes Zira's arrest, terming the arrest as revenge...

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫ਼ਿਰੋਜ਼ਪੁਰ ਪੁਲਿਸ ਨੇ ਸਵੇਰੇ 5 ਵਜੇ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇਣ ਅਤੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਐੱਫ਼ ਆਈ ਆਰ ਦਰਜ ਕੀਤੀ ਗਈ ਹੈ।

ਜ਼ੀਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੂੰ ਇਸ ਗ੍ਰਿਫਤਾਰੀ ਨੂੰ ਬਦਲਾਖੋਰੀ ਦੀ ਰਾਜਨਿਤੀ ਕਰਾਰ ਦਿੱਤਾ ਹੈ। ਕਾਂਗਰਸ ਦੇ ਸੂਬੇ ਪ੍ਰਧਾਨ ਰਾਜਾ ਵੜਿੰਗ ਨੇ ਵਿਧਾਇਕ ਜ਼ੀਰਾ ਦੇ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ। ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ. ਕੁਲਬੀਰ ਸਿੰਘ ਜ਼ੀਰਾ ਜੀ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨਿੰਦਣਯੋਗ ਹੀ ਨਹੀਂ ਸਗੋਂ ਇਸ ਸਰਕਾਰ ਦੀ ਘਿਨਾਉਣੀ ਰਾਜਨੀਤੀ ਨੂੰ ਵੀ ਦਰਸਾਉਂਦੀ ਹੈ।

ਵੜਿੰਗ ਨੇ ਕਿਹਾ ਕਿ ਸਰਕਾਰ ਦਾ ਡਰ ਸਾਫ਼ ਝਲਕ ਰਿਹਾ ਹੈ। ਜ਼ੀਰਾ ਸਾਬ ‘ਤੇ ਉਹਨਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਮੁਕਦਮਾ ਦਰਜ ਕੀਤਾ ਗਿਆ ਹੈ ਜੋ ਆਪਣੀ ਡਿਊਟੀ ਨਹੀਂ ਨਿਭਾ ਰਹੇ ਸਨ। ਆਪ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਪਰ ਅਸੀਂ ਚੁੱਪ ਨਹੀਂ ਰਹਾਂਗੇ, ਇਸ ਬਦਲਾਖੋਰੀ ਵਿਰੁੱਧ ਪੰਜਾਬ ਕਾਂਗਰਸ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵੀ ਨੇ ਵੀ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ. ਕੁਲਬੀਰ ਸਿੰਘ ਜ਼ੀਰਾ ਨੂੰ ਗ੍ਰਿਫ਼ਤਾਰ ਕਰਨਾ ਬੇਹੱਦ ਨਿੰਦਣਯੋਗ ਹੈ। ਉਹਨਾਂ ਨੇ ਪਲਾਟਾਂ ਦੀਆਂ ਗੈਰਕਾਨੂੰਨੀ ਸੰਨਤਾਂ ਵੰਡਣ ਖਿਲਾਫ਼ ਧਰਨਾ ਲਗਾਇਆ ਸੀ ਤੇ ਤਫ਼ਤੀਸ਼ ਦੀ ਮੰਗ ਕੀਤੀ ਸੀ ਪਰ ਉਸ ਧੱਕੇਸ਼ਾਹੀ ਦੀ ਤਫ਼ਤੀਸ਼ ਕਰਨ ਦੀ ਬਜਾਇ ਜ਼ੀਰਾ ਸਾਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਰੰਧਾਵਾ ਨੇ ਕਿਹਾ ਕਿ ਜ਼ੀਰਾ ਨੇ ਅਜੇ ਕੱਲ ਹੀ ਐਸ.ਐਸ.ਪੀ ਨਾਲ ਮੁਲਾਕਾਤ ਕਰਕੇ ਤਫ਼ਤੀਸ਼ ਕਰਨ ਦੀ ਮੰਗ ਵੀ ਕੀਤੀ ਸੀ ਤੇ ਲੋੜ ਪੈਣ ਤੇ ਖੁਦ ਵੀ ਗ੍ਰਿਫ਼ਤਾਰੀ ਦੇਣ ਦੀ ਗੱਲ ਆਖੀ ਸੀ। ਪਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਇਹ ਸਾਰਾ ਡਰਾਮਾ ਰਚ ਕੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ ਜੋ ਬਿਲਕੁਲ ਅਸਵਿਕਾਰਯੋਗ ਹੈ।

ਦੱਸ ਦਈਏ ਕਿ ਅੱਜ ਸਵੇਰੇ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਸਵੇਰੇ 4 ਵਜੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮਿਲੀ ਹੈ ਕਿ ਫ਼ਿਰੋਜ਼ਪੁਰ ਪੁਲਿਸ ਨੇ ਸਾਬਕਾ ਵਿਧਾਇਕ ਨੂੰ ਸਵੇਰੇ ਉਸ ਦੇ ਘਰੋਂ ਚੁੱਕ ਲਿਆ। ਸਾਬਕਾ ਵਿਧਾਇਕ ਖ਼ਿਲਾਫ਼ ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇਣ ਅਤੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਗਈ ਹੈ। ਕੋਰਟ ਨੇ ਜ਼ੀਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਸਰਕਾਰੀ ਕੰਮ ‘ਚ ਵਿਘਨ ਪਾਉਣ ਦੇ ਇਲਜ਼ਾਮਾਂ ਹੇਠ ਇਹ ਗ੍ਰਿਫ਼ਤਾਰੀ ਹੋਈ ਹੈ। BDPO ਦੀ ਸ਼ਿਕਾਇਤ ‘ਤੇ FIR ਦਰਜ ਹੋਈ ਸੀ।