ਬਿਉਰੋ ਰਿਪੋਰਟ : ਸ਼੍ਰੀ ਅਕਾਲ ਤਖਤ ਸਾਹਿਬ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ 5 ਵੱਡੇ ਫੈਸਲੇ ਲਏ ਗਏ ਹਨ । ਜਿੰਨਾਂ ਵਿੱਚ ਸਭ ਤੋਂ ਅਹਿਮ ਜਿਹੜਾ ਸਿੱਧਾ ਸੰਗਤਾਂ ਨਾਲ ਜੁੜਿਆ ਹੈ ਉਹ ਹੈ ਆਨੰਦ ਕਾਰਜ ਦਾ । ਪੰਜ ਸਿੰਘ ਸਾਹਿਬਾਨਾਂ ਨੇ ਫੈਸਲਾ ਕਰਕੇ ਡੈਸਟੀਨੇਸ਼ਨ ਵੈਡਿੰਗ ਅਤੇ ਸਮੁੰਦਰੀ ਕਿਨਾਰੇ ਰਿਜ਼ੋਰਟਾਂ ‘ਤੇ ਹੋਣ ਵਾਲੇ ਵਿਆਹ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗਾ ਦਿੱਤੀ ਹੈ । ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਮਰਯਾਦਾ ਦੀ ਉਲੰਘਣਾ ਨੂੰ ਲੈਕੇ ਕਈ ਸਿੱਖ ਜਥੇਬੰਦੀਆਂ ਦੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਹੈ । ਇਸ ਤੋਂ ਪਹਿਲਾਂ ਮੈਰੀਜ ਪੈਲਸ ਵਿੱਚ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ‘ਤੇ ਰੋਕ ਲਗਾਈ ਗਈ ਸੀ । ਕਿਉਂਕਿ ਵਿਆਹ ਵਿੱਚ ਸ਼ਰਾਬ ਅਤੇ ਹੋਰ ਚੀਜ਼ਾਂ ਦੀ ਵਰਤੋਂ ਹੁੰਦੀ ਸੀ ਜਿਸ ਨੂੰ ਲੈਕੇ ਮਰਯਾਦਾਂ ਦੀ ਉਲੰਘਣਾ ਹੁੰਦੀ ਸੀ । ਜਥੇਦਾਰ ਸਾਹਿਬਾਨਾਂ ਨੇ ਬਠਿੰਡਾ ਵਿੱਚ ਹੋਏ 2 ਕੁੜੀਆਂ ਦੇ ਵਿਆਹ ਨੂੰ ਲੈਕੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਗੀ ਸਿੰਘ ਅਤੇ ਗ੍ਰੰਥੀ ਸਿੰਘਾਂ ਨੂੰ ਸਖਤ ਸਜ਼ਾ ਸੁਣਾਈ ਹੈ।
ਬਠਿੰਡਾ ਵਿੱਚ ਸਮਲਿੰਗੀ ਵਿਆਹ ‘ਤੇ ਸ਼ਖਤ ਸਜ਼ਾ
ਬਠਿੰਡਾ ਦੇ ਗੁਰਦੁਆਰਾ ਕਲਗੀਧਰ,ਕੈਨਾਲ ਕਾਲੋਨੀ,ਮੁਲਤਾਨੀਆਂ ਰੋਡ ਵਿੱਚ 2 ਕੁੜੀਆਂ ਦੇ ਵਿਆਹ ਦੇ ਮਾਮਲੇ ਵਿੱਚ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਸਖਤ ਫੈਸਲਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਸਮਲਿੰਗੀ ਵਿਆਹ ਦੇ ਮਾਮਲੇ ਵਿੱਚ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਾ ਲਈ ਪ੍ਰਬੰਧ ਚਲਾਉਣ ਵਿੱਚ ਅਯੋਗ ਕਰਾਰ ਦਿੱਤਾ ਗਿਆ ਹੈ । ਮੌਜੂਦਾ ਕਮੇਟੀ ਦਾ ਕੋਈ ਵੀ ਮੈਂਬਰ ਭਵਿੱਖ ਵਿੱਚ ਵੀ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਹੀਂ ਬਣ ਸਕੇਗਾ । ਸੰਗਤਾਂ ਜਲਦ ਹੀ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਦੀ ਚੋਣ ਕਰੇਗੀ । ਇਸ ਤੋਂ ਇਲਾਵਾ ਸਮਲਿੰਗੀ ਵਿਆਹ ਕਰਵਾਉਣ ਵਾਲੇ ਮੁੱਖ ਗ੍ਰੰਥੀ ਹਰਦੇਵ ਸਿੰਘ,ਗ੍ਰੰਥ ਅਜੈਬ ਸਿੰਘ,ਰਾਗੀ ਸਿਕੰਦਰ ਸਿੰਘ,ਤਬਲਾ ਵਾਦਕ ਸਤਨਾਮ ਸਿੰਘ ਨੂੰ ਸਿੱਖ ਮਰਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਪੰਜ ਸਾਲ ਲਈ ਬਲੈਕ ਲਿਸਟ ਕੀਤਾ ਗਿਆ ਹੈ । ਇਹ ਕਿਸੇ ਵੀ ਗੁਰਦੁਆਰਾ ਸਾਹਿਬ ਅਤੇ ਧਾਰਮਿਕ ਸਮਾਗਮਾਂ ਵਿੱਚ ਡਿਉਟੀ ਨਹੀਂ ਕਰਨਗੇ।
SYL ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ SYL ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ SYL ਨੂੰ ਸਿੱਖਾਂ ਦੇ ਨਾਲ ਜੋੜ ਦੇ ਹਨ ਉਹ ਗਲਤ ਹੈ,ਇਹ ਪੰਜਾਬ ਵਿੱਚ ਰਹਿਣ ਵਾਲੇ ਹਰ ਧਰਮ ਦੇ ਲੋਕਾਂ ਦਾ ਮੁੱਦਾ ਹੈ । ਉਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ SYL ਦੇ ਮੁੱਦੇ ‘ਤੇ ਦਿੱਤੇ ਗਏ ਬਹਿਸ ਦੇ ਸਦੇ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ ਬਹਿਸ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ।
ਪ੍ਰਚਾਰਕ ਦਰਸ਼ਨ ਸਿੰਘ ਗੁਮਟਾਲੇ ‘ਤੇ ਸਖਤ ਫੈਸਲਾ
ਪੰਜ ਸਿੰਘ ਸਾਹਿਬਾਨਾਂ ਨਾਲ ਮੀਟਿੰਗ ਤੋਂ ਬਾਅਦ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਚਾਰਕ ਦਰਸ਼ਨ ਸਿੰਘ ਗੁਮਟਾਲੇ ‘ਤੇ ਵੀ ਸਖਤ ਫੈਸਲਾ ਸੁਣਾਇਆ ਹੈ । ਜਥੇਦਾਰ ਸਾਹਿਬ ਨੇ ਕਿਹਾ ਕਿ ਦਰਸ਼ਨ ਸਿੰਘ ਗੁਮਟਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁੱਖ ਹੋਕੇ ਆਪਣੇ ਵੱਲੋਂ ਕੀਤੇ ਬੱਜਰ ਗੁਨਾਹ ਨੂੰ ਕਬੂਲੇ ਅਤੇ ਸਿੱਖ ਸੰਗਤ ਕੋਲੋ ਮੁਆਫੀ ਮੰਗੇ । ਜਦੋਂ ਤੱਕ ਗੁਮਟਾਲੇ ਇਹ ਨਹੀਂ ਕਰਦਾ ਤਾਂ ਤੱਕ ਉਸ ਨੂੰ ਕਥਾ ਕੀਰਤਨ ਕਰਨ ਦਾ ਅਧਿਕਾਰ ਨਹੀਂ ਹੈ ਅਤੇ ਸੰਗਤਾਂ ਵੀ ਇਸ ਨੂੰ ਮੂੰਹ ਨਾ ਲਗਏ। ਇਸ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਵੇ। ਜੇਕਰ ਫਿਰ ਵੀ ਦਰਸ਼ਨ ਸਿੰਘ ਗੁਮਟਾਲੇ ਸੰਗਤਾਂ ਦੇ ਸਾਹਮਣੇ ਕਥਾ ਕਰਨ ਆਇਆ ਤਾਂ ਮਰਯਾਦਾ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਨੂੰ ਆਪਣੇ ਸਥਾਨ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਅਧਿਕਾਰ ਵੀ ਨਹੀਂ ਹੈ ।
ਇੰਦੌਰ ਗੁਰਦੁਆਰਾ ਸਾਹਿਬ ਦੀ ਚੋਣਾਂ ਨੂੰ ਲੈਕੇ ਫੈਸਲਾ
ਸ਼੍ਰੀ ਅਕਾਲ ਤਖਤ ਸਾਹਿਬ ਸ਼ਿਕਾਇਤ ਪਹੁੰਚੀ ਸੀ ਕਿ ਨਾਮਜ਼ਦ ਮੈਂਬਰ ਜਗਜੀਤ ਸਿੰਘ ਇੰਦੌਰ ਗੁਰਦੁਆਰਾ ਸਾਹਿਬ ਦੀ ਚੋਣ ਨੂੰ ਲੈਕੇ ਵਿਘਨ ਪਾ ਰਹੇ ਹਨ । ਸ਼੍ਰੀ ਅਕਾਲ ਤਖਤ ਵੱਲੋਂ ਵਾਰ-ਵਾਰ ਜਗਜੀਤ ਸਿੰਘ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਪਰ ਉਹ ਨਹੀਂ ਹੋਏ,ਜਿਸ ਤੋਂ ਬਾਅਦ ਹੁਣ ਪੰਜ ਸਿੰਘ ਸਾਹਿਬਾਨਾਂ ਨੇ ਆਦੇਸ਼ ਕੀਤਾ ਹੈ ਕਿ ਜਦੋਂ ਤੱਕ ਜਗਜੀਤ ਸਿੰਘ ਇੰਦੌਰ ਗੁਰਦੁਆਰਾ ਸਾਹਿਬ ਕਮੇਟੀ ਦੀ ਚੋਣ ਨੂੰ ਲੈਕੇ ਕੀਤਾ ਕੇਸ ਵਾਪਸ ਨਹੀਂ ਲੈਂਦੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਕੇ ਭੁੱਲ ਨਹੀਂ ਬਖਸ਼ਾਉਂਦੇ ਹਨ ਉਦੋਂ ਤੱਕ ਸੰਗਤਾਂ ਮੂੰਹ ਨਾ ਲਾਉਣ ਅਤੇ ਉਨ੍ਹਾਂ ਦੀ ਮੈਂਬਰ ਸ਼ਿੱਪ ਨੂੰ ਖਾਰਜ ਕੀਤਾ ਜਾਂਦਾ ਹੈ।
ਗੁਰਦੁਆਰਾ ਸਿੰਘ ਸਭਾ,ਮਿਆਣੀ ਰੋਡ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੇਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਨਹੀਂ ਹੋਈ ਜਿਸ ‘ਤੇ ਪੰਜ ਸਿੰਘ ਸਾਹਿਬਾਨਾਂ ਨੇ ਕਰੜਾ ਇਤਰਾਜ਼ ਜ਼ਾਹਿਰ ਕਰਦੇ ਹੋਏ ਪ੍ਰਧਾਨ ਪਰਮਜੀਤ ਸਿੰਘ,ਮੀਤ ਪ੍ਰਧਾਨ,ਜੋਗਿੰਦਰ ਸਿੰਘ ਅਤੇ ਸਕੱਤਰ ਕਮਲਪ੍ਰੀਤ ਸਿੰਘ ਨੂੰ ਪ੍ਰਬੰਧ ਚਲਾਉਣ ਦੇ ਅਯੋਗ ਕਰਾਰ ਦਿੱਤਾ ਹੈ ਅਤੇ ਸਾਰੀਆਂ ਸੰਗਤਾਂ ਨੂੰ ਹੁਕਮ ਦਿੱਤਾ ਹੈ ਕਿ ਇਨ੍ਹਾਂ ਨੂੰ ਮੂ੍ੰਹ ਨਾ ਲਾਇਆ ਜਾਵੇ।