ਇਜ਼ਰਾਈਲੀ ਫੌਜ (ਆਈਡੀਐਫ) ਨੇ ਗਾਜ਼ਾ ਸ਼ਹਿਰ ਦੇ ਆਮ ਲੋਕਾਂ ਨੂੰ ਸਿੱਧੇ ਤੌਰ ‘ਤੇ ਸ਼ਹਿਰ ਛੱਡ ਕੇ ਦੱਖਣ ਵੱਲ ਜਾਣ ਲਈ ਕਿਹਾ ਹੈ। ਫੌਜ ਦੇ ਅਧਿਕਾਰੀਆਂ ਨੇ ਸ਼ਹਿਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, “ਤੁਸੀਂ ਗਾਜ਼ਾ ਸ਼ਹਿਰ ਵਿੱਚ ਉਦੋਂ ਹੀ ਵਾਪਸ ਪਰਤੋਗੇ ਜਦੋਂ ਇੱਕ ਨਵਾਂ ਐਲਾਨ ਕੀਤਾ ਜਾਵੇਗਾ।”ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਦੱਸਿਆ ਕਿ ਇਜ਼ਰਾਈਲ ਦੀ ਫ਼ੌਜ ਨੇ ਅੱਜ ਉੱਤਰੀ ਗਾਜ਼ਾ ਦੇ 11 ਲੱਖ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਇਲਾਕੇ ’ਚੋਂ ਜਾਣ ਦਾ ਹੁਕਮ ਦਿੱਤਾ ਹੈ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਇਸ ਆਦੇਸ਼ ਨਾਲ ‘ਭਿਆਨਕ ਨਤੀਜਿਆਂ’ ਦਾ ਖਤਰਾ ਹੈ। ਇਹ ਹੁਕਮ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਇਜ਼ਰਾਈਲ ਨੇ ਹਮਾਸ ਖ਼ਿਲਾਫ਼ ਆਪਣੀ ਜਵਾਬੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਹੁਕਮ ਦਾ ਮਤਲਬ ਇਹ ਹੋ ਸਕਦਾ ਹੈ ਕਿ ਜ਼ਮੀਨੀ ਹਮਲੇ ਤੇਜ਼ ਹੋ ਸਕਦੇ ਹਨ, ਹਾਲਾਂਕਿ ਇਜਾਸਰਾਇਲੀ ਫੌਜ ਨੇ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਦੂਜੇ ਪਾਸੇ ਹਮਾਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਲੋਕਾਂ ਨੂੰ ਉੱਤਰੀ ਤੋਂ ਦੱਖਣੀ ਗਾਜ਼ਾ ਵੱਲ ਲਿਜਾਣ ਦਾ ਇਜ਼ਰਾਈਲ ਦਾ ਹੁਕਮ ‘ਫਰਜ਼ੀ ਪ੍ਰਚਾਰ’ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਗਾਜ਼ਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੇ ਲੰਬੇ ਸਮੇਂ ਤੋਂ ਹਮਾਸ ‘ਤੇ ਨਾਗਰਿਕਾਂ ਨੂੰ ਢਾਲ ਵਜੋਂ ਵਰਤਣ ਦਾ ਦੋਸ਼ ਲਗਾਇਆ ਹੈ। 2006 ਵਿੱਚ ਚੋਣਾਂ ਜਿੱਤਣ ਤੋਂ ਬਾਅਦ, ਹਮਾਸ ਨੇ ਗਾਜ਼ਾ ਪੱਟੀ ਵਿੱਚ ਸੱਤਾ ਸੰਭਾਲੀ। ਇਸ ਤੋਂ ਬਾਅਦ ਇਸ ਨੇ ਫਤਹ ਮੂਵਮੈਂਟ ਦੇ ਮੁਖੀ ਅਤੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਬੇਦਖਲ ਕਰ ਦਿੱਤਾ।
ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਦੱਖਣੀ ਗਾਜ਼ਾ ਵੱਲ ਜਾਣ ਲਈ ਕਿਹਾ ਹੈ। ਦੱਖਣੀ ਗਾਜ਼ਾ ਵੱਲ 11 ਲੱਖ ਲੋਕਾਂ ਦੀ ਆਵਾਜਾਈ ਦਾ ਮਤਲਬ ਹੈ ਕਿ ਹਰ ਘੰਟੇ 40 ਹਜ਼ਾਰ ਲੋਕਾਂ ਨੂੰ ਇੱਥੋਂ ਜਾਣਾ ਪਵੇਗਾ। ਇਹ ਅਸੰਭਵ ਹੈ। ਸਸੰਯੁਕਤ ਰਾਸ਼ਟਰ ਮੁਤਾਬਕ, ਇਜ਼ਰਾਈਲ ਦੇ ਹੁਕਮਾਂ ‘ਚ ਜਿਨ੍ਹਾਂ ਲੋਕਾਂ ਨੂੰ ਛੱਡਣ ਲਈ ਕਿਹਾ ਗਿਆ ਹੈ, ਉਨ੍ਹਾਂ ‘ਚ ਉਨ੍ਹਾਂ ਸਕੂਲਾਂ ‘ਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਸ਼ੈਲਟਰ ਹੋਮਜ਼ ਵਜੋਂ ਵਰਤ ਰਿਹਾ ਹੈ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਹ ਤ੍ਰਾਸਦੀ ਹੋਰ ਵੀ ਭਿਆਨਕ ਰੂਪ ਧਾਰਨ ਕਰੇਗੀ। ਇਸ ਸਮੇਂ ਅੰਤਰਰਾਸ਼ਟਰੀ ਰੈੱਡ ਕਰਾਸ ਦਾ ਅੰਤਰਰਾਸ਼ਟਰੀ ਕਾਫਲਾ ਜ਼ਮੀਨ ‘ਤੇ ਅੱਗੇ ਵਧਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਏਜੰਸੀ ਦੇ ਕਰਮਚਾਰੀ ਵੀ ਦੱਖਣੀ ਗਾਜ਼ਾ ਵੱਲ ਵਧਦੇ ਦਿਖਾਈ ਦੇ ਰਹੇ ਹਨ। ਅਜਿਹਾ ਲਗਦਾ ਹੈ ਕਿ ਉਹ ਉੱਤਰੀ ਗਾਜ਼ਾ ਨੂੰ ਖਾਲੀ ਕਰਨ ਜਾ ਰਹੇ ਹਨ।
ਪਰ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਉੱਤਰੀ ਗਾਜ਼ਾ ਤੋਂ ਦੱਖਣੀ ਗਾਜ਼ਾ ਵੱਲ ਜਾਣ ਦਾ ਆਦੇਸ਼ ਦੇਣ ਨਾਲ ਭਾਰੀ ਹਫੜਾ-ਦਫੜੀ ਮਚ ਸਕਦੀ ਹੈ ਕਿਉਂਕਿ ਇਸ ਸੰਘਣੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਆਵਾਜਾਈ ਬਹੁਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ।
ਇਹ ਉਨ੍ਹਾਂ ਲੋਕਾਂ ਲਈ ਬਹੁਤ ਮੁਸ਼ਕਲ ਕੰਮ ਹੋਵੇਗਾ ਜੋ ਹਸਪਤਾਲ ਵਿੱਚ ਦਾਖਲ ਹਨ ਜਾਂ ਜੋ ਇਜ਼ਰਾਈਲੀ ਬੰਬਾਰੀ ਵਿੱਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।