Punjab

16 ਮਹੀਨੇ ‘ਚ ਰਾਜਕੁਮਾਰ ਵੇਰਕਾ ਦਾ ਬੀਜੇਪੀ ਤੋਂ ਮੋਹ ਭੰਗ !

ਬਿਉਰੋ ਰਿਪੋਰਟ :  16 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਰਾਜਕੁਮਾਰ ਵੇਰਕਾ ਨੇ ਬੀਜੇਪੀ ਛੱਡ ਦਿੱਤੀ ਹੈ । 4 ਜੂਨ 2022 ਨੂੰ ਚੰਡੀਗੜ੍ਹ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਬੀਜੇਪੀ ਵਿੱਚ ਸ਼ਾਮਲ ਕੀਤਾ ਸੀ ਪਰ ਲਗਾਤਾਰ ਪਾਰਟੀ ਵਿੱਚ ਨਜ਼ਰ ਅੰਦਾਜ਼ੀ ਤੋਂ ਬਾਅਦ ਉਨ੍ਹਾਂ ਨੇ ਬੀਜੇਪੀ ਛੱਡਣ ਦਾ ਫ਼ੈਸਲਾ ਕੀਤਾ ਹੈ ਅਤੇ ਮੁੜ ਤੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਜਾ ਕੇ ਪਾਰਟੀ ਮੁੜ ਤੋਂ ਜੁਆਇਨ ਕਰਨਗੇ । ਵੇਰਕਾ ਨੇ ਕਿਹਾ ਬੀਜੇਪੀ ਵਿੱਚ ਗੈਰ ਬਰਾਬਰੀ ਵਾਲਾ ਸਲੂਕ ਕੀਤਾ ਜਾਂਦਾ ਹੈ । ਉਨ੍ਹਾਂ ਨੇ ਮੰਨਿਆ ਕਿ ਮੈਂ ਗ਼ਲਤੀ ਕੀਤੀ ਹੈ ਉਸ ਨੂੰ ਸੁਧਾਰਨ ਜਾ ਰਿਹਾ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਵੇਰਕਾ ਨੇ ਇਹ ਵੀ ਦਾਅਵਾ ਕੀਤਾ ਕਿ ਸਿਆਸੀ ਯਾਤਰਾ ਵਿੱਚ ਉਨ੍ਹਾਂ ਦੇ ਜਿਹੜੇ ਹਮਸਫ਼ਰ ਆਗੂਆਂ ਨੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸਨ ਉਹ ਵੀ ਹੁਣ ਘਰ ਵਾਪਸੀ ਜਲਦੀ ਕਰ ਰਹੇ ਹਨ । ਵੇਰਕਾ ਨੇ ਮੰਨਿਆ ਕਿ ਬੀਜੇਪੀ ਵਿੱਚ ਸ਼ਾਮਲ ਹੋਣਾ ਮੇਰੀ ਸਭ ਤੋਂ ਵੱਡੀ ਗ਼ਲਤੀ ਸੀ ।

ਇਨ੍ਹਾਂ ਆਗੂਆਂ ਦੀ ਵੀ ਬੀਜੇਪੀ ਛੱਡਣ ਦੀ ਚਰਚਾ ਹੈ

ਰਾਜਕੁਮਾਰ ਵੇਰਕਾ ਦੇ ਨਾਲ 4 ਜੂਨ 2022 ਨੂੰ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ,ਮੋਹਾਲੀ ਤੋਂ 3 ਵਾਰ ਦੇ ਵਿਧਾਇਕ ਬਲਬੀਰ ਸਿੰਘ ਅਤੇ ਸੰਗਰੂਰ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਵੀ ਬੀਜੇਪੀ ਵਿੱਚ ਸ਼ਾਮਲ ਹੋਏ ਸਨ ।

ਇਨ੍ਹਾਂ ਵਿੱਚੋ ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਦੀ ਮੁੜ ਤੋਂ ਕਾਂਗਰਸ ਵਿੱਚ ਵਾਪਸੀ ਦੀਆਂ ਚਰਚਾਵਾਂ ਹਨ । ਇਸ ਦੇ ਪਿੱਛੇ ਵੱਡੀ ਵਜ੍ਹਾ ਵੀ ਹੈ, ਸੁੰਦਰ ਸ਼ਾਮ ਅਰੋੜਾ ਜਦੋਂ ਬੀਜੇਪੀ ਵਿੱਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਨੂੰ ਉਮੀਦ ਸੀ ਬੀਜੇਪੀ ਵਿਜੀਲੈਂਸ ਤੋਂ ਉਨ੍ਹਾਂ ਨੂੰ ਬਚਾ ਲਏਗੀ ਪਰ ਉਨ੍ਹਾਂ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ,ਬੀਜੇਪੀ ਵੀ ਉਨ੍ਹਾਂ ਦੇ ਨਾਲ ਖੜੀ ਨਜ਼ਰ ਨਹੀਂ ਆਈ।

ਸਿਰਫ਼ ਇਨ੍ਹਾਂ ਹੀ ਨਹੀਂ ਪਾਰਟੀ ਵਿੱਚ ਸੁੰਦਰ ਸ਼ਾਮ ਅਰੋੜਾ ਅਤੇ ਕਾਂਗੜ ਨੂੰ ਕੋਈ ਅਹਿਮ ਅਹੁਦਾ ਵੀ ਨਹੀਂ ਮਿਲਿਆ। ਜਿਸ ਤੋਂ ਬਾਅਦ ਫ਼ਿਲਹਾਲ ਇਨ੍ਹਾਂ ਦੋਵਾਂ ਆਗੂਆਂ ਦੀਆਂ ਘਰ ਵਾਪਸੀ ਦੀਆਂ ਚਰਚਾਵਾਂ ਸਭ ਤੋਂ ਜ਼ਿਆਦਾ ਹਨ । ਜੇਕਰ ਅਜਿਹਾ ਹੁੰਦਾ ਹੈ ਤਾਂ ਬੀਜੇਪੀ ਦੇ ਸੂਬਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ।

ਰਾਜਕੁਮਾਰ ਵੇਰਕਾ 22 ਸਾਲ ਕਾਂਗਰਸ ਵਿੱਚ ਐਕਟਿਵ ਰਹੇ । ਉਨ੍ਹਾਂ ਨੇ 3 ਵਾਰ ਕਾਂਗਰਸ ਦੀ ਟਿਕਟ ‘ਤੇ ਅੰਮ੍ਰਿਤਸਰ ਵੈਸਟ ਤੋਂ ਚੋਣ ਜਿੱਤੀ । 2002, 2012 ਅਤੇ 2017 ਵਿੱਚ ਉਹ ਤਿੰਨ ਵਾਰ ਵਿਧਾਇਕ ਬਣੇ । 2022 ਵਿੱਚ ਰਾਜਕੁਮਾਰ ਵੇਰਕਾ ਚੋਣ ਹਾਰ ਗਏ ਅਤੇ ਫਿਰ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ 4 ਮਹੀਨੇ ਦੀ ਚੰਨੀ ਸਰਕਾਰ ਵਿੱਚ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਵੀ ਮਿਲਿਆ ਸੀ । 2010 ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨੇ ਉਨ੍ਹਾਂ ਨੂੰ ਕੌਮੀ SC ਕਮਿਸ਼ਨ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਉਹ 2016 ਤੱਕ ਇਸ ਅਹੁਦੇ ‘ਤੇ ਰਹੇ ।