ਚੰਡੀਗੜ੍ਹ : ਇਕ ਮੈਨੇਜਰ ਦੀ ਬਦਲੀ ਕਰਨ ਦੇ ਬਦਲੇ 3 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਆਈਏਐਸ ਅਧਿਕਾਰੀ ਨੂੰ ਐਂਟੀ ਕਰਪਸ਼ਨ ਬਿਓਰੋ (ਏਸੀਬੀ) ਵੱਲੋਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਐੱਮ ਡੀ ਆਈ ਏ ਐੱਸ ਜੈਵੀਰ ਆਰੀਆ ਨੂੰ ਪੰਚਕੂਲਾ ਤੋਂ ਏਸੀਬੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈਏਐਸ ਅਧਿਕਾਰੀ ਨੇ ਇਕ ਮਹਿਲਾ ਮੈਨੇਜਰ ਤੋਂ ਬਦਲੀ ਕਰਾਉਣ ਲਈ ਜ਼ਿਲ੍ਹਾ ਪ੍ਰਬੰਧਕ (ਡੀਐਮ) ਰਾਹੀਂ ਪੈਸੇ ਮੰਗੇ ਗਏ। ਇਸ ਮਾਮਲੇ ਵਿੱਚ ਆਈਏਐਸ ਅਧਿਕਾਰੀ ਜੈਵੀਰ ਸਿੰਘ ਤੋਂ ਇਲਾਵਾ ਮੁਨੀਸ਼ ਸ਼ਰਮਾ ਅਤੇ ਕਾਂਨਫੇਡ ਦੇ ਜਨਰਲ ਮੈਨੇਜਰ ਬਾਂਸਲ ਖਿਲਾਫ ਵੀ ਏਸੀਬੀ ਨੇ ਰਿਸ਼ਵਤ ਲਏ ਜਾਣ ਦਾ ਮਾਮਲਾ ਦਰਜ ਕੀਤਾ ਹੈ। ਵੇਅਰ ਹਾਊਸਿੰਗ ਵਿੱਚ ਜ਼ਿਲ੍ਹਾ ਪ੍ਰਬੰਧਕ (ਡੀਐਮ) ਉਤੇ ਤਾਇਨਾਤ ਰਿੰਕੂ ਹੁੱਡਾ ਤੋਂ ਤਾਇਨਾਤੀ ਲਈ ਰਿਸ਼ਵਤ ਮੰਗੀ ਗਈ ਸੀ। ਇਸ ਮਾਮਲੇ ਵਿੱਚ ਉਸਦੇ ਪਤੀ ਨੇ ਸ਼ਿਕਾਇਤ ਐਂਟੀ ਕਰੱਪਸ਼ਨ ਬਿਊਰੋ ਨੂੰ ਕਰ ਦਿੱਤੀ।
ਟੀਮ ਨੇ ਸਭ ਤੋਂ ਪਹਿਲਾਂ ਸੰਦੀਪ ਨੂੰ ਹਿਰਾਸਤ ਵਿੱਚ ਲਿਆ। ਇਸ ਤੋਂ ਬਾਅਦ ਸੰਦੀਪ ਤੋਂ ਫੋਨ ਕਰਵਾ ਕੇ ਐਮਡੀ ਜੈਵੀਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਸੰਦੀਪ ਨੇ ਐਮਡੀ ਨੂੰ ਦੱਸਿਆ ਕਿ ਜੋ ਤੁਸੀਂ ਮੰਗ ਕੀਤੀ ਸੀ, ਉਹ ਸਾਮਾਨ ਆ ਗਿਆ ਹੈ।
ਐਮਡੀ ਅਤੇ ਸੰਦੀਪ ਵਿੱਚ ਹੋਈ ਗੱਲਬਾਤ ਦੇ ਆਧਾਰ ਉੱਤੇ ਬਿਊਰੋ ਦੀ ਟੀਮ ਨੇ ਪੈਸੇ ਲੈਂਦੇ ਹੋਏ ਐੱਮ ਡੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਪ੍ਰੰਤੂ 3 ਲੱਖ ਰੁਪਏ ਦੀ ਰਕਮ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਵਿੱਚ ਦੇਰ ਰਾਤ ਤੱਕ ਪੰਚਕੂਲਾ ਵਿੱਚ ਜਾਂਚ ਅਤੇ ਕਾਰਵਾਈ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਈਏਐਸ ਵਿਜੇ ਦਹੀਆ ਨੂੰ ਵੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਦੋਸ਼ ਹੈ ਕਿ ਉਹ ਹਰਿਆਣਾ ਸਕਿੱਲ ਕਾਰਪੋਰੇਸ਼ਨ ‘ਚ 50 ਲੱਖ ਰੁਪਏ ਦਾ ਬਿੱਲ ਪਾਸ ਕਰਵਾਉਣ ਦੇ ਬਦਲੇ ਪੈਸੇ ਲੈਂਦੇ ਸਨ। ਹੁਣ ਦਹੀਆ ਨੂੰ ਛੇ ਮਹੀਨੇ ਪਹਿਲਾਂ ਇੱਕ ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਔਰਤ ਨੇ ਰਿਸ਼ਵਤ ਵਜੋਂ 5 ਲੱਖ ਰੁਪਏ ਲਏ ਸਨ ਅਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਉਸ ਦੇ ਬਿੱਲ ਪਾਸ ਕਰ ਦਿੱਤੇ ਜਾਣਗੇ।