ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਚੁਣੌਤੀ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਤਰਫੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ ਪਰ ਕੁਝ ਸ਼ਰਤਾਂ ਹਨ ਕਿ ਇਹ ਬਹਿਸ ਚੰਡੀਗੜ੍ਹ ਦੇ ਇੱਕ ਆਡੀਟੋਰੀਅਮ ਵਿੱਚ ਹੋਣੀ ਚਾਹੀਦੀ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਬਹਿਸ ਚੰਡੀਗੜ੍ਹ ਪੁਲਿਸ ਦੀ ਨਿਗਰਾਨੀ ਵਿੱਚ ਹੋਣੀ ਚਾਹੀਦੀ ਹੈ ਅਤੇ ਪੰਜਾਬ ਪੁਲਿਸ ਬਹਿਸ ਵਿਚ ਨਹੀਂ ਹੋਣੀ ਚਾਹੀਦੀ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਬਹਿਸ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਸੇਵਾਮੁਕਤ ਜੱਜ ਹੋਣਾ ਚਾਹੀਦਾ ਹੈ ਜੋ ਚਾਰੇ ਧਿਰਾਂ ਨੂੰ ਪ੍ਰਵਾਨ ਹੋਵੇ। ਇਸ ਬਹਿਸ ਵਿੱਚ ਮੋਦੀ ਅਤੇ ਕੇਜਰੀਵਾਲ ਮੀਡੀਆ ਨੂੰ ਅਹਿਮੀਅਤ ਦੇਣ ਦੀ ਬਜਾਏ ਸਾਰੇ ਮੀਡੀਆ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ।
ਬਾਜਵਾ ਨੇ ਕਿਹਾ ਕਿ ਬਹਿਸ ਦਾ ਲਾਈਵ ਟੈਲੀਕਾਸਟ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਤਲੁਜ ਯਮੁਨਾ ਲਿੰਕ, ਪੰਜਾਬ ‘ਤੇ ਕਰਜ਼ਾ, ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ, ਮਾਈਨਿੰਗ, ਨਸ਼ੇ ਇਸ ਬਹਿਸ ਵਿੱਚ ਅਹਿਮ ਮੁੱਦੇ ਹੋਣੇ ਚਾਹੀਦੇ ਹਨ। ਇਹ ਬਹਿਸ 2 ਘੰਟੇ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਹਿਸ ਵਿੱਚ ਕੋਈ ਗਾਲ੍ਹਾਂ ਨਹੀਂ ਕੱਢਣੀਆਂ ਚਾਹੀਦੀਆਂ ਅਤੇ ‘ਤੂੰ ਮੈਂ ਮੈਂ’ ਨਹੀਂ ਹੋਣੀ ਚਾਹੀਦੀ।