ਗਾਜ਼ਾ ਪੱਟੀ ਤੋਂ ਚੱਲ ਰਹੇ ਕੱਟੜਪੰਥੀ ਸੰਗਠਨ ਹਮਾਸ ਨੇ ਸ਼ਨੀਵਾਰ (7 ਅਕਤੂਬਰ) ਦੀ ਸਵੇਰ ਨੂੰ ਦੱਖਣੀ ਇਜ਼ਰਾਈਲ ‘ਤੇ ਅਚਾਨਕ ਹਮਲਾ ਕਰ ਦਿੱਤਾ। ਹਮਾਸ ਵੱਲੋਂ ਕਰੀਬ 5,000 ਰਾਕੇਟ ਦਾਗੇ ਗਏ ਹਨ। ਹਮਾਸ ਦੇ ਬੰਦੂਕਧਾਰੀਆਂ ਨੇ ਵੀ ਇਜ਼ਰਾਇਲੀ ਖੇਤਰ ਵਿੱਚ ਘੁਸਪੈਠ ਕੀਤੀ।
ਇਜ਼ਰਾਇਲੀ ਫ਼ੌਜ ਦੇ ਬੁਲਾਰੇ ਰਿਚਰਡ ਹੇਚਟ ਨੇ ਕਿਹਾ ਕਿ ਦੇਸ਼ ‘ਚ 22 ਥਾਵਾਂ ‘ਤੇ ਅਜੇ ਵੀ ਜੰਗ ਜਾਰੀ ਹੈ। ਬੀਬੀਸੀ ਦੀ ਰੀਪੋਰਟ ਮੁਤਾਬਕ ਹੁਣ ਤਕ 230 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 1700 ਤੋਂ ਵੱਧ ਲੋਕ ਜ਼ਖ਼ਮੀ ਹਨ। ਇਸ ਦੇ ਨਾਲ ਹੀ 7 ਅਕਤੂਬਰ ਨੂੰ ਹਮਾਸ ਵਲੋਂ ਦਾਗੇ ਗਏ 5,000 ਰਾਕੇਟ ਕਾਰਨ ਹੁਣ ਤਕ 300 ਇਜ਼ਰਾਇਲੀ ਮਾਰੇ ਜਾਣ ਦੀ ਖ਼ਬਰ ਹੈ ਅਤੇ 1,590 ਜ਼ਖਮੀ ਹੋ ਚੁੱਕੇ ਹਨ। ਹਮਾਸ ਦੇ ਹਮਲਿਆਂ ਦੇ ਜਵਾਬ ‘ਚ ਇਜ਼ਰਾਈਲ ਨੇ ਗਾਜ਼ਾ ਪੱਟੀ ‘ਚ 17 ਫ਼ੌਜੀ ਕੰਪਲੈਕਸਾਂ ਅਤੇ 4 ਫ਼ੌਜੀ ਹੈੱਡਕੁਆਰਟਰ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ।
ਇਜ਼ਰਾਈਲ ਦੀ ਫੌਜ ਨੇ ਲੰਬੇ ਸਮੇਂ ਤੋਂ ਨਾਕਾਬੰਦੀ ਦਾ ਸਾਹਮਣਾ ਕਰ ਰਹੇ ਗਾਜ਼ਾ ਪੱਟੀ ਦੇ ਸੱਤ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸ਼ਹਿਰ ਦੇ ਕੇਂਦਰ ਵਿੱਚ ਪਹੁੰਚਣ ਜਾਂ ਪਨਾਹਗਾਹਾਂ ਵਿੱਚ ਜਾਣ ਲਈ ਕਿਹਾ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਉਹ ਗਾਜ਼ਾ ਨੂੰ ਬਿਜਲੀ, ਈਂਧਨ ਅਤੇ ਹੋਰ ਸਮਾਨ ਦੀ ਸਪਲਾਈ ਲਾਈਨਾਂ ਨੂੰ ਕੱਟ ਦੇਵੇਗਾ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਹ ਚੇਤਾਵਨੀ ਦਿੱਤੀ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਬਿਜਲੀ ਕੱਟ ਦਿੱਤੀ ਸੀ। ਇਸ ਕਾਰਨ ਸ਼ਨੀਵਾਰ ਤੋਂ ਇੱਥੇ ਹਨੇਰਾ ਛਾਇਆ ਹੋਇਆ ਹੈ।
ਇਜ਼ਰਾਈਲ ਨੇ ਸੁਰੱਖਿਆ ਕਾਰਨਾਂ ਕਰਕੇ 2007 ਤੋਂ ਮਿਸਰ ਦੇ ਨਾਲ ਗਾਜ਼ਾ ਪੱਟੀ ਦੀ ਨਾਕਾਬੰਦੀ ਬਣਾਈ ਰੱਖੀ ਹੈ।ਇਜ਼ਰਾਈਲ ਗਾਜ਼ਾ ਪੱਟੀ ਅਤੇ ਆਪਣੀ ਸਰਹੱਦ ‘ਤੇ ਹਵਾਈ ਖੇਤਰ ਨੂੰ ਕੰਟਰੋਲ ਕਰਦਾ ਹੈ। ਉਹ ਇੱਥੇ ਸਰਹੱਦ ਰਾਹੀਂ ਸਪਲਾਈ ਨੂੰ ਵੀ ਕੰਟਰੋਲ ਕਰਦਾ ਹੈ। ਇਸ ਤਰ੍ਹਾਂ, ਮਿਸਰ ਦਾ ਗਾਜ਼ਾ ਨਾਲ ਲੱਗਦੀ ਸਰਹੱਦ ਤੋਂ ਮਾਲ ਦੀ ਆਵਾਜਾਈ ‘ਤੇ ਵੀ ਕੰਟਰੋਲ ਹੈ