ਬਿਉਰੋ ਰਿਪੋਰਟ : ਏਸ਼ੀਅਨ ਗੇਮਸ ਵਿੱਚ ਭਾਰਤੀ ਖਿਡਾਰੀਆਂ ਨੇ ਇਤਿਹਾਸ ਰਚਿਆ ਹੈ । ਪਹਿਲੀ ਵਾਰ ਦੇਸ਼ ਨੂੰ ਏਸ਼ੀਅਨ ਖੇਡਾਂ ਵਿੱਚ 100 ਤੋਂ ਵੱਧ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਲ ਹੋਈ ਹੈ । ਪੰਜਾਬ ਦੇ ਖਿਡਾਰੀਆਂ ਦਾ ਇਸ ਵਿੱਚ ਵੱਡਾ ਯੋਗਦਾਨ ਰਿਹਾ ਹੈ । ਸੂਬੇ ਦੇ 33 ਖਿਡਾਰੀਆਂ ਨੇ 8 ਸੋਨੇ ਦੇ, 6 ਚਾਂਦੀ ਦੇ ਤੇ 5 ਕਾਂਸੀ ਦੇ ਤਮਗਿਆਂ ਸਮੇਤ ਕੁੱਲ 19 ਮੈਡਲ ਜਿੱਤੇ। ਖੇਡਾਂ ਦੇ 72 ਸਾਲ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਹੈ । ਸੂਬੇ ਦੇ ਖਿਡਾਰੀਆਂ ਨੇ ਕੌਮਾਂਤਰੀ ਖੇਡ ਨਕਸ਼ੇ ਉਤੇ ਨਾਂ ਰੌਸ਼ਨ ਕੀਤਾ ਹੈ। ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡ ਨਕਸ਼ੇ ਉਤੇ ਨਾਂ ਚਮਕਾਉਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਸਮਾਗਮ ਦੌਰਾਨ ਨਗਦ ਇਨਾਮ ਨਾਲ ਸਨਮਾਨਤ ਕਰਨਗੇ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਸਿਫ਼ਤ ਸਮਰਾ,ਤੇਜਿੰਦਰ ਪਾਲ ਸਿੰਘ ਤੂਰ ਤੇ ਹਰਮਿਲਨ ਬੈਂਸ ਦਾ ਫਰੀਦਕੋਟ ਤੇ ਪਟਿਆਲਾ ਵਿਖੇ ਸਵਾਗਤ ਕੀਤਾ ।
ਖੇਡ ਮੰਤਰੀ ਨੇ ਸਵੇਰੇ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਸਿਫ਼ਤ ਸਮਰਾ ਦੀ ਫਰੀਦਕੋਟ ਰਿਹਾਇਸ਼ ਉਤੇ ਜਾ ਕੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਤਰਫੋਂ ਸਨਮਾਨ ਕਰਦਿਆਂ ਮਾਣਮੱਤੀ ਨਿਸ਼ਾਨੇਬਾਜ਼ ਨੂੰ ਵਧਾਈ ਦਿੱਤੀ। ਸ਼ਾਮ ਵੇਲੇ ਉਨ੍ਹਾਂ ਨੇ ਪੰਜਾਬ ਪਰਤੇ ਸ਼ਾਟਪੁੱਟ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਣ ਵਾਲੇ ਤੇਜਿੰਦਰ ਪਾਲ ਸਿੰਘ ਤੂਰ ਅਤੇ 800 ਤੇ 1500 ਮੀਟਰ ਦੌੜ ਵਿੱਚ ਦੋ ਚਾਂਦੀ ਦੇ ਤਮਗ਼ੇ ਜਿੱਤਣ ਵਾਲੀ ਹਰਮਿਲਨ ਬੈਂਸ ਦਾ ਪਟਿਆਲਾ ਪੁੱਜਣ ਉਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਹਰਮਿਲਨ ਦੀ ਮਾਤਾ ਅਰਜੁਨਾ ਐਵਾਰਡੀ ਮਾਧੁਰੀ ਅਮਨਦੀਪ ਸਿੰਘ ਦਾ ਵੀ ਸਨਮਾਨ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਭਾਰਤੀ ਪੁਰਸ਼ ਕ੍ਰਿਕਟ ਟੀਮ ਵੱਲੋਂ ਸੋਨ ਤਮਗ਼ਾ ਜਿੱਤਿਆ ਗਿਆ ਅਤੇ ਇਸ ਟੀਮ ਵਿੱਚ ਪੰਜਾਬ ਦੇ ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਦੇ ਮਕਸਦ ਨਾਲ ਪਹਿਲੀ ਵਾਰ ਖੇਡਾਂ ਦੀ ਤਿਆਰੀ ਲਈ 4 ਕਰੋੜ 64 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ, ਜਿਸ ਦੇ ਬੜੇ ਚੰਗੇ ਨਤੀਜੇ ਆਏ ਹਨ ਅਤੇ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਸ਼ਾਮਲ 48 ਖਿਡਾਰੀਆਂ ਵਿਚੋਂ 33 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 19 ਤਮਗ਼ੇ ਜਿੱਤ ਲਏ।