India

ਰਿਜ਼ਰਵ ਬੈਂਕ ਨੇ ਨਹੀਂ ਬਦਲੀ ਰੇਪੋ ਦਰ, ਰੇਪੋ ਰੇਟ 6.5 ਫ਼ੀਸਦੀ ਦੀ ਦਰ ‘ਤੇ ਰੱਖਿਆ ਬਰਕਰਾਰ

The Reserve Bank has not changed the repo rate, the repo rate has been kept at the rate of 6.5 percent

ਦਿੱਲੀ : ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੀ ਮੁਦਰਾ ਨੀਤੀ ਸੰਮਤੀ ਨੇ ਤਿਉਹਾਰਾਂ ਤੋਂ ਪਹਿਲਾਂ ਇਕ ਵਾਰ ਫਿਰ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਲਗਾਤਾਰ ਚੌਥੀ ਵਾਰ ਰੇਪੋ ਰੇਟ ਨੂੰ 6.5 ਫ਼ੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ।

ਕੇਂਦਰੀ ਬੈਂਕ ਨੇ ਮਹਿੰਗਾਈ ਨੂੰ ਸਭ ਤੋਂ ਵੱਡੀ ਚੁਨੌਤੀ ਦੱਸਿਆ ਹੈ। ਮਹਿੰਗਾਈ ਅਜੇ ਵੀ ਚਾਰ ਫੀਸਦੀ ਤੋਂ ਉਪਰ ਚੱਲ ਰਹੀ ਹੈ। ਆਰਬੀਆਈ ਗਵਰਨਰ ਦੀ ਪ੍ਰਧਾਨਗੀ ਹੇਠ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ 4-6 ਅਕਤੂਬਰ ਨੂੰ ਹੋਈ। ਮੀਟਿੰਗ ਤੋਂ ਬਾਅਦ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਵਾਰ ਵੀ ਮੁਦਰਾ ਨੀਤੀ ਕਮੇਟੀ ਨੇ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਰੇਪੋ ਦਰ ਨੂੰ 6.5 ਫ਼ੀਸਦੀ ‘ਤੇ ਬਰਕਰਾਰ ਰੱਖਿਆ ਹੈ।

ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਯਾਨੀ ਜੁਲਾਈ-ਸਤੰਬਰ ਤਿਮਾਹੀ ਲਈ ਜੀਡੀਪੀ ਵਿਕਾਸ ਅਨੁਮਾਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਸ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਵਿੱਚ ਜੀਡੀਪੀ ਵਿਕਾਸ ਦਰ 6.0 ਫੀਸਦੀ ਰਹਿ ਸਕਦੀ ਹੈ।

ਪਿਛਲੀ MPC ਮੀਟਿੰਗ ਵਿੱਚ ਵੀ, ਕੇਂਦਰੀ ਬੈਂਕ ਨੇ ਤੀਜੀ ਤਿਮਾਹੀ ਵਿੱਚ ਜੀਡੀਪੀ ਦੇ ਉਸੇ ਦਰ ਨਾਲ ਵਾਧੇ ਦਾ ਅਨੁਮਾਨ ਲਗਾਇਆ ਸੀ। ਜਨਵਰੀ-ਮਾਰਚ ਤਿਮਾਹੀ ਲਈ ਜੀਡੀਪੀ ਵਾਧੇ ਦੇ ਅਨੁਮਾਨ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਇਸ ਨੂੰ 5.7 ਫ਼ੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ।

ਆਰਬੀਆਈ ਦੇ ਗਵਰਨਰ ਸ਼ਕਤੀਦਾਸ ਕਾਂਤ ਨੇ ਕਿਹਾ ਕਿ ਮੌਜੂਦਾ ਵਿੱਤੀ ਸਥਿਤੀ ਅਤੇ ਭੂ-ਰਾਜਨੀਤਿਕ ਸੰਕਟ ਕਾਰਨ ਵਿਸ਼ਵ ਅਰਥਵਿਵਸਥਾ ਵਿੱਚ ਮੰਦੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਦੂਜੀ ਤਿਮਾਹੀ ‘ਚ ਉਦਯੋਗਿਕ ਖੇਤਰ ‘ਚ ਰਿਕਵਰੀ ਆਈ ਹੈ। ਉਸਾਰੀ ਦੀਆਂ ਗਤੀਵਿਧੀਆਂ ਮਜ਼ਬੂਤ ਹਨ। ਸਰਕਾਰੀ ਕੈਪੈਕਸ ਸਮਰਥਨ ਕਾਰਨ ਨਿਵੇਸ਼ ਭਾਵਨਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਘਰੇਲੂ ਮੰਗ ਕਾਰਨ ਭਾਰਤੀ ਅਰਥਚਾਰਾ ਜੀਵਤ ਰਹਿੰਦਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਲਗਾਤਾਰ ਚੌਥੀ ਵਾਰ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਅੱਜ ਦੀ MPC ਮੀਟਿੰਗ ‘ਚ ਵੀ ਇਸ ਨੂੰ 6.5 ਫ਼ੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਪਿਛਲੀ ਵਾਰ ਫਰਵਰੀ ‘ਚ ਆਰਬੀਆਈ ਨੇ ਰੈਪੋ ਰੇਟ ਨੂੰ 6.5 ਫ਼ੀਸਦੀ ਕਰ ਦਿੱਤਾ ਸੀ। ਬੁੱਧਵਾਰ ਨੂੰ ਸ਼ੁਰੂ ਹੋਈ ਤਿੰਨ ਦਿਨਾਂ ਦੋ-ਮਾਸਿਕ ਮੁਦਰਾ ਨੀਤੀ ਕਮੇਟੀ (ਆਰਬੀਆਈ ਐਮਪੀਸੀ) ਦੀ ਬੈਠਕ ਦੌਰਾਨ ਮਾਹਰਾਂ ਨੇ ਉਮੀਦ ਜਤਾਈ ਸੀ ਕਿ ਮਹਿੰਗਾਈ ਅਤੇ ਹੋਰ ਗਲੋਬਲ ਕਾਰਨਾਂ ਕਰਕੇ ਭਾਰਤੀ ਰਿਜ਼ਰਵ ਬੈਂਕ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕਰੇਗਾ।