India International Punjab

ਭਾਰਤ ਵੱਲੋਂ ਕੈਨੇਡਾ ਦੇ 41 ਡਿਪਲੋਮੈਟ ਨੂੰ ਵਾਪਸ ਭੇਜਣ ਦੇ ਫੈਸਲੇ ‘ਤੇ PM ਟਰੂਡੋ ਦਾ ਵੱਡਾ ਬਿਆਨ

ਬਿਉਰੋ ਰਿਪੋਰਟ : ਭਾਰਤ ਵੱਲੋਂ ਕੈਨੇਡਾ ਦੇ ਖਿਲਾਫ ਲਏ ਗਏ ਤੀਜੇ ਐਕਸ਼ਨ ਤੋਂ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਅਤੇ ਅਹਿਮ ਬਿਆਨ ਸਾਹਮਣੇ ਆਇਆ ਹੈ । ਭਾਰਤ ਵੱਲੋਂ ਕੈਨੇਡਾ ਦੇ 41 ਡਿਪਲੋਮੈਟ ਨੂੰ ਭਾਰਤ ਛੱਡਣ ਦਾ ਅਲਟੀਮੇਟਮ ਦੇਣ ‘ਤੇ ਟਰੂਡੋ  ਨੇ ਕਿਹਾ ਕੈਨੇਡਾ ਦੇ ਲਈ ਇਹ ਜ਼ਰੂਰੀ ਹੈ ਕਿ ਸਾਡੇ ਡਿਪਲੋਮੈਟ ਭਾਰਤ ਵਿੱਚ ਰਹਿਣ। ਅਸੀਂ ਲਗਾਤਾਰ ਅਜਿਹੇ ਕਦਮ ਚੁੱਕ ਦੇ ਰਹਾਂਗੇ ਜਿਸ ਨਾਲ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ ਦੇ ਨਾਲ ਚੰਗੇ ਰਿਸ਼ਤੇ ਬਣੇ ਰਹਿਣ ।

ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਬਿਆਨ ਵੀ ਨਰਮ

ਦੂਜੇ ਪਾਸੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੇਨੀ ਜੋਲੀ ਨੇ ਕਿਹਾ ਕਿ ਡਿਪਲੋਮੈਟਿਕ ਸੰਕਟ ਤੋਂ ਨਿਕਲਣ ਦੇ ਲਈ ਉਹ ਭਾਰਤ ਦੇ ਨਾਲ ਪ੍ਰਾਈਵੇਟ ਗੱਲਬਾਤ ਕਰਨਾ ਚਾਹੁੰਦੇ ਹਾਂ । ਜੋਲੀ ਨੇ ਕਿਹਾ ਅਸੀਂ ਭਾਰਤ ਦੇ ਨਾਲ ਸੰਪਰਕ ਵਿੱਚ ਹਾਂ । ਸਾਡੇ ਲਈ ਕੈਨੇਡਾ ਦੇ ਡਿਪਲੋਮੈਟ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ । ਅਸੀਂ ਭਾਰਤ ਦੇ ਨਾਲ ਪ੍ਰਾਈਵੇਟ ਗੱਲਬਾਤ ਜਾਰੀ ਰੱਖਾਂਗੇ। ਕਿਉਂਕਿ ਡਿਪਲਮੈਸੀ ਦੇ ਮਾਮਲਿਆਂ ਵਿੱਚ ਆਪਣੀ ਗੱਲਬਾਤ ਨਾਲ ਚੰਗੇ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ।

ਮੰਗਲਵਾਰ ਨੂੰ ਖਬਰ ਆਈ ਸੀ ਕਿ ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟ ਨੂੰ ਵਾਪਸ ਭੇਜਣ ਲਈ 10 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ । ਜਿਸ ਤੋਂ ਬਾਅਦ ਭਾਰਤ ਵਿੱਚ ਸਿਰਫ਼ 21 ਕੈਨੇਡਾ ਦੇ ਡਿਪਲੋਮੈਟ ਰਹਿ ਜਾਣਗੇ ਜਦਕਿ ਇਸ ਵੇਲੇ ਕੈਨੇਡਾ ਦੇ 62 ਡਿਪਲੋਮੈਟ ਕੰਮ ਕਰ ਰਹੇ ਹਨ । ਜੇਕਰ ਕੈਨੇਡਾ ਨੇ ਡਿਪਲੋਮੈਟ ਦੀ ਗਿਣਤੀ ਘੱਟ ਨਹੀਂ ਕੀਤੀ ਤਾਂ ਭਾਰਤ ਸਰਕਾਰ ਸਾਰੀਆਂ ਸਹੂਲਤਾਂ ਨੂੰ ਬੰਦ ਕਰ ਸਕਦੀ ਹੈ।

ਭਾਰਤ ਨੇ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਨੂੰ ਬਰਾਬਰ ਕਰਨ ਲਈ ਕਿਹਾ ਸੀ

ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨੂੰ ਸਾਫ ਕਿਹਾ ਸੀ ਕਿ ਉਹ ਆਪਣੇ ਡਿਪਲੋਮੈਟ ਦੀ ਗਿਣਤੀ ਨੂੰ ਬਰਾਬਰ ਕਰੇ। ਇਹ ਵਿਅਨਾ ਕਨਵੈਨਸ਼ਨ ਦੇ ਤਹਿਤ ਜ਼ਰੂਰੀ ਹੈ । ਕੈਨੇਡਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਭਾਰਤ ‘ਤੇ ਇਲਜ਼ਾਮ ਲਗਾਇਆ ਸੀ ਕਿ ਹੁਣ ਤੱਕ ਦੀ ਜਾਂਚ ਤੋਂ ਬਾਅਦ ਸਾਨੂੰ ਸ਼ੱਕ ਹੈ ਕਿ ਭਾਰਤੀ ਏਜੰਟਾਂ ਦੇ ਜ਼ਰੀਏ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਵਾਇਆ ਗਿਆ ਹੈ । ਇਸ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਭਾਰਤ ਤੋਂ ਮਦਦ ਦੀ ਉਮੀਦ ਜਤਾਈ ਸੀ । ਇਸ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਇੱਕ ਡਿਪਲੋਮੈਟ ਨੂੰ ਵਾਪਸ ਭੇਜ ਦਿੱਤਾ ਸੀ ਜਵਾਬ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਡਿਪਲੋਮੈਟ ਨੂੰ ਵਾਪਸ ਭੇਜਿਆ ਸੀ ਅਤੇ 21 ਸਤੰਬਰ ਤੋਂ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ਾ ਦੇਣ ‘ਤੇ ਰੋਕ ਲੱਗਾ ਦਿੱਤੀ ਸੀ। ਭਾਰਤ ਸਰਕਾਰ ਦਾ ਤਰਕ ਸੀ ਕਿਉਂਕਿ ਕੈਨੇਡਾ ਵਿੱਚ ਉਨ੍ਹਾਂ ਦੇ ਸਫੀਰ ਅਤੇ ਮੁਲਾਜ਼ਮਾਂ ਨੂੰ ਧਮਕੀ ਮਿਲ ਰਹੀ ਹੈ ਇਸੇ ਲਈ ਉਹ ਵੀਜ਼ਾ ਨਹੀਂ ਦੇ ਪਾ ਰਹੇ ਹਨ । ਇਸੇ ਲਈ ਉਨ੍ਹਾਂ ਨੇ ਵੀਜ਼ਾ ਸਰਵਿਸ ਅਣਮਿੱਥੇ ਸਮੇਂ ਲਈ ਸਸਪੈਂਡ ਕੀਤੀ ਹੈ।

ਭਾਰਤ-ਕੈਨੇਡਾ ਰਿਸ਼ਤਿਆਂ ‘ਤੇ ਅਮਰੀਕਾ ਦਾ ਤਾਜ਼ਾ ਬਿਆਨ

ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਲੈਕੇ ਇੱਕ ਵਾਰ ਮੁੜ ਤੋਂ ਅਮਰੀਕਾ ਦਾ ਬਿਆਨ ਸਾਹਮਣੇ ਆਇਆ ਹੈ । ਅਮਰੀਕਾ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਵੇਦੰਤ ਪਟੇਲ ਨੇ ਕਿਹਾ ਅਸੀਂ ਕੈਨੇਡਾ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਸੰਪਰਕ ਵਿੱਚ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਅਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ। ਅਸੀਂ ਇਹ ਗੱਲ ਭਾਰਤ ਦੇ ਨਾਲ ਜਨਤਕ ਅਤੇ ਨਿੱਜੀ ‘ਤੇ ਵੀ ਕਰ ਚੁੱਕੇ ਹਾਂ ਕਿ ਉਹ ਕੈਨੇਡੀਅਨ ਜਾਂਚ ਵਿੱਚ ਮਦਦ ਕਰੇ।