India

ਦਿੱਲੀ ਪੁਲਿਸ ਦੀ Newsclick ਵੈੱਬਸਾਈਟ ਦੇ 30 ਟਿਕਾਣਿਆਂ ‘ਤੇ ਛਾਪਾਮਾਰੀ…

Delhi Police raids 30 locations of Newsclick website...

ਦਿੱਲੀ ਪੁਲਿਸ ਨੇ ਅੱਜ ਮੰਗਲਵਾਰ ਨੂੰ ਨਿਊਜ਼ਕਲਿਕ ਵੈੱਬਸਾਈਟ ‘ਤੇ ਛਾਪਾ ਮਾਰਿਆ। ਦਿੱਲੀ ਪੁਲਿਸ ਦੇ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪੁਲਿਸ ਨੇ ਵੈੱਬਸਾਈਟ ਨਾਲ ਕਥਿਤ ਤੌਰ ‘ਤੇ ਜੁੜੇ 30 ਤੋਂ ਜ਼ਿਆਦਾ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਕਿਹਾ ਕਿ ਨਿਊਜ਼ ਕਲਿੱਕ ਨਾਲ ਸਬੰਧਿਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਮਾਚਾਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਵਾਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸਮਾਂ ਪਹਿਲਾਂ ਇਸ ਨਿਊਜ਼ ਪੋਰਟਲ ‘ਤੇ ਚੀਨ ਤੋਂ ਫ਼ੰਡ ਲੈਣ ਦਾ ਦੋਸ਼ ਲੱਗਾ ਸੀ ਅਤੇ ਈਡੀ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਅਜੇ ਜਾਰੀ ਹੈ। ਦਿੱਲੀ ਪੁਲਿਸ ਨੇ ਛਾਪੇਮਾਰੀ ਦੌਰਾਨ ਕਈ ਕਰਮਚਾਰੀਆਂ ਦੇ ਲੈਪਟਾਪ ਅਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਹਨ। ਨਿਊਜ਼ਕਲਿਕ ਦੇ ਪੱਤਰਕਾਰ ਅਭਿਸਾਰ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਕਿ ਪੁਲਿਸ ਨੇ ਉਸ ਦਾ ਫ਼ੋਨ ਅਤੇ ਲੈਪਟਾਪ ਜ਼ਬਤ ਕਰ ਲਿਆ ਹੈ।

ਇਸ ਤੋਂ ਪਹਿਲਾਂ 22 ਅਗਸਤ ਨੂੰ ਦਿੱਲੀ ਹਾਈ ਕੋਰਟ ਨੇ ਨਿਊਜ਼ਕਲਿਕ ਵੈੱਬਸਾਈਟ ਦੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਨੋਟਿਸ ਦਿੱਤਾ ਸੀ। ਇਹ ਨੋਟਿਸ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਦੀ ਪਟੀਸ਼ਨ ‘ਤੇ ਦਿੱਤਾ ਗਿਆ ਸੀ। ਪਟੀਸ਼ਨ ‘ਚ ਪੁਲਿਸ ਨੇ ਅਦਾਲਤ ਦੇ ਉਸ ਅੰਤਰਿਮ ਹੁਕਮ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ, ਜਿਸ ‘ਚ ਨਿਊਜ਼ ਸਾਈਟ ‘ਤੇ ਸਖਤ ਕਾਰਵਾਈ ਕਰਨ ‘ਤੇ ਰੋਕ ਲਗਾਈ ਗਈ ਸੀ।

ਇਸ ਮਾਮਲੇ ਨੂੰ ਲੈ ਕੇ ਉੜੀਸਾ ‘ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਮੈਨੂੰ ਕੋਈ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ। ਜੇਕਰ ਕਿਸੇ ਨੇ ਕੁਝ ਗ਼ਲਤ ਕੀਤਾ ਹੈ ਤਾਂ ਜਾਂਚ ਏਜੰਸੀਆਂ ਉਸ ‘ਤੇ ਕੰਮ ਕਰਦੀਆਂ ਹਨ।” ਕਿਤੇ ਵੀ ਇਹ ਨਹੀਂ ਲਿਖਿਆ ਹੈ ਕਿ ਜੇਕਰ ਤੁਹਾਡੇ ਕੋਲ ਗ਼ਲਤ ਤਰੀਕੇ ਨਾਲ ਪੈਸਾ ਆਇਆ ਹੈ ਜਾਂ ਜੇਕਰ ਕੋਈ ਇਤਰਾਜ਼ਯੋਗ ਹੈ, ਤਾਂ ਜਾਂਚ ਏਜੰਸੀ ਉਸ ਵਿਰੁੱਧ ਕਾਰਵਾਈ ਨਹੀਂ ਕਰ ਸਕਦੀ। ਜਾਂਚ ਏਜੰਸੀਆਂ ਸੁਤੰਤਰ ਹਨ, ਉਹ ਨਿਯਮਾਂ ਅਨੁਸਾਰ ਕਾਰਵਾਈ ਕਰਦੀਆਂ ਹਨ।”