ਬਿਉਰੋ ਰਿਪੋਰਟ : ਡਰੱਗ ਮਾਮਲੇ ਵਿੱਚ 2 ਦਿਨਾਂ ਦੇ ਰਿਮਾਂਡ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ ਦੀ ਅਦਾਲਤ ਵਿੱਚ ਮੁੜ ਤੋਂ ਪੇਸ਼ ਕੀਤਾ ਗਿਆ । ਪੁਲਿਸ ਨੇ ਖਹਿਰਾ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਬਚਾਅ ਪੱਖ ਨੇ ਇਸ ਦਾ ਵਿਰੋਧ ਕੀਤਾ। ਅਦਾਲਤ ਨੇ ਖਹਿਰਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ।
ਸੁਖਪਾਲ ਸਿੰਘ ਖਹਿਰਾ ਨੂੰ ਹਿਮਾਇਤ ਦੇਣ ਦੇ ਲਈ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਪਹੁੰਚੇ ਸਨ । ਅਦਾਲਤ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਹੁਣ ਜੇਲ੍ਹ ਭੇਜਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ SIT ਨੂੰ ਖਹਿਰਾ ਦੇ ਖਿਲਾਫ ਸਬੂਤ ਮਿਲੇ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸਮੱਗਲਰ ਗੁਰਦੇਵ ਸਿੰਘ ਅਤੇ ਖਹਿਰਾ ਦੇ ਸਬੰਧਾਂ ਬਾਰੇ ਅਹਿਮ ਜਾਣਕਾਰੀ ਹਾਸਲ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਲਈ ਫਰੀਦਕੋਟ ਦੇ IG ਫਿਰੋਜ਼ਪੁਰ ਦੇ DIG ਨੂੰ ਫੋਨ ਕੀਤਾ ਸੀ । ਇਹ ਹੀ ਕਾਰਨ ਹੈ ਕਿ ਪੁਲਿਸ ਖਹਿਰਾ ਦਾ ਫੋਨ ਰਿਕਵਰ ਕਰਨਾ ਚਾਹੁੰਦੀ ਹੈ। ਪੁਲਿਸ ਨੇ ਪਿਛਲੀ ਪੇਸ਼ੀ ਵਿੱਚ ਇਸੇ ਨੂੰ ਅਧਾਰ ਬਣਾਕੇ ਰਿਮਾਂਡ ਹਾਸਲ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਖਹਿਰਾ ਦੇ ਕੋਲ ਕੁੱਲ 3 ਫੋਨ ਹਨ ।
ਭੈਣ ਦੇ ਸੰਪਰਕ ਵਿੱਚ ਸਨ ਖਹਿਰਾ
SIT ਨੇ ਸੁਖਪਾਲ ਸਿੰਘ ਖਹਿਰਾ ਦੀ ਕਾਲ ਡਿਟੇਲ ਹਾਸਲ ਕੀਤੀ ਹੈ । ਜਿਸ ਵਿੱਚ ਸਾਫ ਹੋਇਆ ਹੈ ਸੁਖਪਾਲ ਸਿੰਘ ਖਹਿਰਾ ਚਰਨਜੀਤ ਕੌਰ ਨਾਂ ਦੀ ਔਰਤ ਦੇ ਜ਼ਰੀਏ ਡਰੱਗ ਮਾਮਲੇ ਨਾਲ ਜੁੜੇ ਗੁਰਦੇਵ ਸਿੰਘ ਨਾਲ ਗੱਲ ਕਰਦੇ ਸਨ। ਚਰਨਜੀਤ ਕੌਰ ਡਰੱਗ ਸਮੱਗਲਰ ਗੁਰਦੇਵ ਸਿੰਘ ਦੀ ਭੈਣ ਹੈ ਜੋ ਲੰਡਨ ਵਿੱਚ ਰਹਿੰਦੀ ਹੈ । ਚਰਨਜੀਤ ਕੌਰ ਸੁਖਪਾਲ ਸਿੰਘ ਖਹਿਰਾ ਦੇ PA ਜੋਗਾ ਸਿੰਘ ਦੇ ਨੰਬਰ ‘ਤੇ ਗੱਲ ਕਰਦੀ ਸੀ । ਮਾਰਚ 2015 ਵਿੱਚ ਗ੍ਰਿਫਤਾਰੀ ਦੇ ਇੱਕ ਦਿਨ ਪਹਿਲਾਂ ਖਹਿਰਾ ਨੇ ਚਰਨਜੀਤ ਕੌਰ ਨਾਲ ਕਈ ਵਾਰ ਗੱਲ ਕੀਤੀ । ਫਿਰ ਚਰਨਜੀਤ ਕੌਰ ਨੇ ਗੁਰਦੇਵ ਸਿੰਘ ਨੂੰ ਖਹਿਰਾ ਦਾ ਸੁਨੇਹਾ ਦਿੱਤਾ । ਗੁਰਦੇਵ ਸਿੰਘ ਸਿੱਧੇ ਤੌਰ ‘ਤੇ ਪਾਕਿਸਤਾਨ ਤੋਂ ਡਰੱਗ ਸਮੱਗਲਿੰਗ ਲਈ ਇਮਤਿਆਜ ਉਰਫ ਕਾਲਾ ਨਾਲ ਸੰਪਰਕ ਕਰਦਾ ਸੀ ।
11 ਦਿਨ ਵਿੱਚ 65 ਕਾਲ ਆਏ
ਜਾਂਚ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਗੁਰਦੇਵ ਸਿੰਘ, ਚਰਨਜੀਤ ਕੌਰ ਅਤੇ ਸੁਖਪਾਲ ਸਿੰਘ ਖਹਿਰਾ ਦੇ ਵਿਚਾਲੇ 11 ਦਿਨਾਂ ਦੇ ਅੰਦਰ 65 ਕਾਲਸ ਹੋਇਆ । ਇਨ੍ਹਾਂ ਸਬੂਤਾਂ ਦੇ ਅਧਾਰ ‘ਤੇ ਪੁਲਿਸ ਨੇ ਖਹਿਰਾ ਨੂੰ ਗ੍ਰਿਫਤਾਰ ਕੀਤਾ ਹੈ ।
ਸੁਖਪਾਲ ਸਿੰਘ ਖਹਿਰਾ ਨੇ ਮੰਨਿਆ ਉਨ੍ਹਾਂ ਨੇ ਗੱਲ ਕੀਤੀ
ਸੁਖਪਾਲ ਸਿੰਘ ਖਹਿਰਾ ਨੇ ਆਪ ਕੂਬਲ ਕੀਤਾ ਹੈ ਕਿ ਉਹ ਗੁਰਦੇਵ ਸਿੰਘ ਨਾਲ ਗੱਲ ਕਰਦੇ ਸਨ । ਗ੍ਰਿਫਤਾਰੀ ਤੋਂ ਬਾਅਦ ਜਦੋਂ ਉਨ੍ਹਾਂ ਦਾ ਮੈਡੀਕਲ ਹੋਇਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਮੇਰੇ ਹਲਕੇ ਦਾ ਸੀ । ਉਹ ਚੰਗਾ ਆਦਮੀ ਸੀ ਪਰ ਪਤਾ ਨਹੀਂ ਗਲਤ ਸੰਗਤ ਵਿੱਚ ਫਸ ਗਿਆ । ਖਹਿਰਾ ਨੇ ਕਿਹਾ ਸੀ ਕਿ ਜਦੋਂ ਉਸ ਨੂੰ ਪੁਲਿਸ ਨੇ ਫੜਿਆ ਸੀ ਤਾਂ ਉਸ ਨੇ ਸਾਫ ਕਰ ਕਿਹਾ ਕਿ ਮੇਰੇ ਨਾਲ ਗੱਲ ਨਾ ਕਰ । ਸਿਰਫ ਇੱਕ ਫੋਨ ਕਾਲ ਦੇ ਅਧਾਰ ‘ਤੇ ਆਖਿਰ ਕਿਵੇਂ ਸਮੱਗਲਿੰਗ ਵਿੱਚ ਉਸ ਦਾ ਨਾਂ ਪਾਇਆ ਜਾ ਸਕਦਾ ਹੈ । ਖਹਿਰਾ ਨੇ ਕਿਹਾ ਸੀ ਸੁਪਰੀਮ ਕੋਰਟ ਨੇ ਆਪ ਸਜ਼ਾ ਦੇ ਦਿਨ ਉਨ੍ਹਾਂ ਦਾ ਨਾਂ ਡਰੱਗ ਸਮਗਲਿੰਗ ਵਿੱਚ ਜੋੜਨ ਨੂੰ ਲੈਕੇ ਸਵਾਲ ਚੁੱਕੇ ਸਨ ।
ਵਿਦੇਸ਼ ਜਾਣ ਦੀ ਤਿਆਰੀ ਵਿੱਚ ਸੀ ਖਹਿਰਾ
SIT ਦੀ ਜਾਂਚ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਜੁੜੇ ਕੁਝ ਹੋਰ ਸਬੂਤ ਵੀ ਹੱਥ ਲਗੇ ਹਨ । ਇਸ ਮੁਤਾਬਿਕ ਸੁਖਪਾਲ ਸਿੰਘ ਖਹਿਰਾ ਨੇ ਚੁੱਪ ਚਪੀਤੇ ਮੋਹਾਲੀ ਕੋਰਟ ਵਿੱਚ ਆਪਣੇ ਇਲਾਜ ਦੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਜਿਸ ਤੋਂ ਬਾਅਦ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਤੋਂ ਵਿਦੇਸ਼ੀ ਡਾਕਟਰ ਅਤੇ ਹਸਪਤਾਲ ਦਾ ਬਿਊਰਾ ਮੰਗਿਆ ਸੀ । ਇਸ ਸਬੰਧ ਵਿੱਚ ਅਦਾਲਤ ਨੇ 3 ਨੋਟਿਸ ਦਿੱਤੇ ਸਨ । ਪਹਿਲੀ ਤਰੀਕ 19 ਸਤੰਬਰ 2023 ਸੀ ਜਿਸ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਦੀ ਛੋਟ ਸੀ । ਪਰ ਅਗਲੇ ਦਿਨ 20 ਤਰੀਕ ਨੂੰ ਹਾਜ਼ਰ ਹੋਣ ਦੇ ਲਈ ਕਿਹਾ ਸੀ । 25 ਸਤੰਬਰ ਨੂੰ ਵੀ ਬੁਲਾਇਆ ਸੀ ਪਰ ਖਹਿਰਾ ਹਾਜ਼ਰ ਨਹੀਂ ਹੋਏ ਸਨ ।