Punjab

“ਅਸੀਂ ਸੁਖਪਾਲ ਖਹਿਰਾ ਨਾਲ ਮਜ਼ਬੂਤੀ ਨਾਲ ਖੜੇ ਹਾਂ , ਰਿਹਾਅ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ”

"We stand firmly with Sukhpal Khaira, will leave no stone unturned to secure his release"

ਚੰਡੀਗੜ੍ਹ : ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਅੱਜ ਸਵੇਰੇ ਕਰੀਬ 6 ਵਜੇ ਜਲਾਲਾਬਾਦ ਪੁਲਿਸ ਨੇ ਸੁਖਪਾਲ ਸਿੰਘ ਦੀ ਰਿਹਾਇਸ਼ ਉੱਤੇ ਛਾਪਾ ਮਾਰਿਆ। ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਇਸ ਗ੍ਰਿਫ਼ਤਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਦਲਾਖੋਰੀ ਦੇ ਤਹਿਤ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਬਾਜਵਾ ਨੇ ਇਸ ਕਾਰਵਾਈ ਨੂੰ ਬਦਲਾਖੋਰੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਦੁਆਰਾ ਸੱਚ ਦੀ ਆਵਾਜ਼ ਨੂੰ ਦਿਵਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਬਹੁਤ ਹੀ ਦੁਖਦਾਈ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਪੰਜਾਬ ਸਰਕਾਰ ਨੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਸਪਸ਼ਟ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੁਆਰਾ ਕੀਤੀਆਂ ਗ਼ਲਤ ਕੰਮਾਂ ਅਤੇ ਬੇਨਿਯਮੀਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਕਾਨੂੰਨ ਦੇ ਦਾਇਰੇ ਵਿੱਚ ਆ ਕੇ ਉਸ ਨੂੰ ਰਿਹਾਅ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਇੱਕ ਹੋਰ ਟਵੀਟ ਕਰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰਾਂ ਸਦਾ ਨਹੀਂ ਰਹਿੰਦੀਆਂ, ਤੁਹਾਡੇ ਤਾਨਾਸ਼ਾਹ ਗੁੰਡਾ ਰਾਜ ਦੀ ਸਖ਼ਤ ਅਲੋਚਨਾ ਕਰਦਾ ਹਾਂ। ਮੈਂ ਪੰਜਾਬ ਕਾਂਗਰਸ ਦੇ ਸਾਰੇ ਕਾਡਰ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਹਰ ਵਰਕਰ ਸਹਿਬਾਨ ਨਾਲ ਚਟਾਨ ਵਾਂਗ ਖੜੇ ਹਾਂ ਅਤੇ ਸੁਖਪਾਲ ਖਹਿਲਾ ਦੀ ਰਿਹਾਈ ਲਈ ਅਸੀਂ ਡਟ ਕੇ ਲੜਾਈ ਲੜਾਂਗੇ।

ਪ੍ਰਧਾਨ ਰਾਜਾ ਵੜਿੰਗ ਨੇ ਮਾਨ ਸਰਕਾਰ ਦੇ ਇਸ ਕਾਰਵਾਈ ਨੂੰ ਸੁਖਰਾਲ ਖਹਿਰਾ ਦੀ ਹਾਲ ਹੀ ਵਿੱਚ ਹੋਈ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਣਾ, ਇਹ ਵਿਰੋਧੀ ਧਿਰ ਨੂੰ ਡਰਾਉਣ ਦੀ ਕੋਸ਼ਿਸ਼ ਹੈ ਅਤੇ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਆਪ ਪੰਜਾਬ ਸਰਕਾਰ ਦੀ ਇੱਕ ਚਾਲ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੁਖਪਾਲ ਖਹਿਰਾ ਨਾਲ ਮਜ਼ਬੂਤੀ ਨਾਲ ਖੜੇ ਹਾਂ ਅਤੇ ਇਸ ਲੜਾਈ ਨੂੰ ਇਸ ਦੇ ਤਰਕਪੂਰਨ ਅੰਜਾਮ ਤੱਕ ਲੈ ਕੇ ਜਾਵਾਂਗੇ।

ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਕਾਂਗਰਸ ਮੇਰਾ ਪਰਿਵਾਰ ਹੈ । ਹਰ ਲੀਡਰ ਅਤੇ ਵਰਕਰ ਨਾਲ ਚਟਾਨ ਵਾਂਗ ਖੜਾ ਹਾਂ । ਅੱਜ ਸਵੇਰੇ ਸੁਖਪਾਲ ਖਹਿਰਾ ਜੀ ਘਰ ਪਰਿਵਾਰ ਨਾਲ ਮਿਲਕੇ ਅਗਲੀ ਕੰਨੂਨੀ ਲੜਾਈ ਲਈ ਵਿਚਾਰ ਵਟਾਂਦਰਾ ਕੀਤਾ ਹੈ।

ਦੱਸ ਦੇਈਏ ਕਿ ਅੱਜ ਸਵੇਰੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 5 ਵਜੇ ਖਹਿਰਾ ਨੂੰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਸੈਕਟਰ-5 ਵਿਚ ਉਨ੍ਹਾਂ ਦੇ ਘਰ ਵਿਚ ਹਿਰਾਸਤ ਵਿਚ ਲਿਆ ਹੈ। ਦਰਅਸਲ ਉਨ੍ਹਾਂ ਦੇ ਮੁਲਾਜ਼ਮ ਤੋਂ ਡਰੱਗ ਮਿਲਣ ‘ਤੇ ਇਹ ਐਕਸ਼ਨ ਲਿਆ ਗਿਆ ਹੈ। 8 ਸਾਲ ਪਹਿਲਾਂ 2015 ਦੇ ਐੱਨਡੀਪੀਐੱਸ ਐਕਟ ਦੇ ਇਕ ਪੁਰਾਣੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ।