Punjab

SGPC ਨੇ ਕੰਗਨਾ ਤੇ ਗੋਦੀ ਮੀਡੀਆ ‘ਤੇ ਚੁੱਕੇ ਸਵਾਲ !

ਬਿਉਰੋ ਰਿਪੋਰਟ : ਕੈਨੇਡਾ ਅਤੇ ਭਾਰਤ ਦੇ ਵਿਚਾਲੇ ਵਿਵਾਦ ਨੂੰ ਲੈ ਕੇ ਜਿਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ SGPC ਨੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ । SGPC ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਜਸਟਿਨ ਟਰੂਡੋ ਵੱਲੋਂ ਜਿਸ ਤਰ੍ਹਾਂ ਨਾਲ ਇੱਕ ਸਿੱਖ ਦੇ ਕਤਲ ਵਿੱਚ ਭਾਰਤੀ ਏਜੰਸੀਆਂ ‘ਤੇ ਇਲਜ਼ਾਮ ਲਗਾਇਆ ਗਿਆ ਉਸ ਤੋਂ ਬਾਅਦ ਜਾਂਚ ਵਿੱਚ ਸਹਿਯੋਗ ਦੇਣ ਦੀ ਥਾਂ ਸਿੱਖ ਭਾਈਚਾਰੇ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ । ਸਿੱਖ ਭਾਈਚਾਰੇ ਦੇ ਖ਼ਿਲਾਫ਼ ਇੱਕ ਨਫ਼ਰਤ ਭਰੀ ਸੋਚ ਬਣਾਈ ਜਾ ਰਹੀ ਹੈ। ਉਨ੍ਹਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਕੇ ਪ੍ਰਚਾਰਿਆ ਜਾ ਰਿਹਾ ਹੈ ।

ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਅਮਰੀਕਾ ਦੀ ਸਰਕਾਰ ਨੇ ਕੈਨੇਡਾ ਦੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਸਹਿਯੋਗ ਦਿੱਤਾ ਅਤੇ ਬਾਕੀ ਮੁਲਕ ਵੀ ਜਾਂਚ ਦੀ ਪੈਰਵੀ ਕਰ ਰਹੇ ਹਨ। ਪਰ ਦੋ ਦੇਸ਼ਾਂ ਦੇ ਮੁੱਦੇ ਵਿੱਚ ਸਿੱਖਾਂ ਖ਼ਿਲਾਫ਼ 1984 ਨਸਲਕੁਸ਼ੀ ਵਰਗੀ ਸਾਜ਼ਿਸ਼ ਬਣਾਈ ਜਾ ਰਹੀ ਹੈ। ਇਸ ਵਿੱਚ ਗੋਦੀ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਉਹ ਟੀਵੀ ਚੈਨਲਾਂ ‘ਤੇ ਸੰਘ ਪਾੜ-ਪਾੜ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ । ਗਰੇਵਾਲ ਨੇ ਕਿਹਾ ਫ਼ਿਲਮ ਅਦਾਕਾਰਾ ਕੰਗਣਾ ਰਨੌਤ ਵਰਗੇ ਲੋਕ ਵੀ ਸਿੱਖਾਂ ਨੂੰ ਦੇਸ਼ ਭਗਤੀ ਸਿਖਾਉਣ ਲੱਗ ਗਏ ਹਨ ਜੇਕਰ ਉਨ੍ਹਾਂ ਨੂੰ ਨਹੀਂ ਪਤਾ ਤਾਂ ਆਪਣੇ ਪੂਰਵਜਾਂ ਤੋਂ ਪੁੱਛੋ।

ਕੰਗਣਾ ਰਨੌਤ ਬ੍ਰਾਹਮਣ ਭਾਈਚਾਰੇ ਨਾਲ ਸਬੰਧ ਰੱਖ ਦੀ ਹੈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਵੇਂ ਬ੍ਰਾਹਮਣ ਸ਼੍ਰੀ ਗੁਰੂ ਤੇਗ਼ ਬਹਾਦਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਕੋਲ ਮਦਦ ਮੰਗਣ ਦੇ ਲਈ ਆਏ ਸਨ। ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੇ ਜਨੇਹੂ ਦੀ ਰੱਖਿਆ ਕੀਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ ।

ਗਰੇਵਾਲ ਨੇ ਕਿਹਾ ਕੰਗਣਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਿੱਖ 2 ਫ਼ੀਸਦੀ ਹਨ ਪਰ 98 ਫ਼ੀਸਦੀ ਜਾਨਾਂ ਅਸੀਂ ਦਿੱਤੀਆਂ ਸਿਰਫ਼ ਚਮਚਾਗੀਰੀ ਅਤੇ ਵਫ਼ਾਦਾਰੀਆਂ ਜ਼ਿੰਦਗੀ ਦਾ ਅਸਲੀ ਮਕਸਦ ਨਹੀਂ ਹੋਣਾ ਚਾਹੀਦਾ ਹੈ । ਕਮੇਟੀ ਦੇ ਜਨਰਲ ਸਕੱਤਰ ਗਰੇਵਾਲ ਨੇ ਕੰਗਣਾ ਨੂੰ ਨਸੀਹਤ ਦਿੰਦੇ ਹੋਏ ਪਾਰਲੀਮੈਂਟ ਦੀ ਉਸ ਰਿਪੋਰਟ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਤਿਰੰਗੇ ਵਿੱਚ ਸਭ ਤੋਂ ਵੱਧ ਸਿੱਖ ਨਿਪਟ ਕੇ ਆਏ ।

ਉਨ੍ਹਾਂ ਕਿਹਾ ਸਾਨੂੰ ਗੁਰੂ ਸਾਹਿਬ ਨੇ ਔਰਤਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ,ਤੁਸੀਂ ਸਿੱਖਾਂ ਨੂੰ ਬਦਨਾਮ ਕਰ ਰਹੇ ਅਤੇ ਉਨ੍ਹਾਂ ਦੀ ਦੇਸ਼ ਭਗਤੀ ‘ਤੇ ਸਵਾਲ ਖੜੇ ਕਰ ਰਹੇ ਹੋ। ਸਾਡੇ ਖ਼ਿਲਾਫ਼ ਇੱਕ ਏਜੰਡਾ ਚਲਾ ਰਹੇ ਹੋ ।

ਗਰੇਵਾਲ ਨੇ ਪੁੱਛਿਆ ਅੱਜ ਬੀਜੇਪੀ ਵਿੱਚ ਬੈਠੇ ਉਹ ਸਿੱਖ ਆਗੂ ਕਿੱਥੇ ਹਨ,ਕਿਉਂ ਨਹੀਂ ਕੰਗਣਾ ਤੋਂ ਸਵਾਲ ਪੁੱਛ ਦੇ ਹਨ ਕਿਉਂ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦੇ ਹਨ। ਤੁਹਾਡੀ ਛੁਪੀ ਆਉਣ ਵਾਲੇ ਸਮੇਂ ਵਿੱਚ ਵੱਡੇ ਸਵਾਲ ਖੜੇ ਕਰੇਗੀ ।

ਕੰਗਣਾ ਅਤੇ ਗੋਦੀ ਮੀਡੀਆ ਜਿਹੜੀ ਨਫ਼ਰਤ ਪਰੋਸ ਰਿਹਾ ਹੈ ਉਹ ਸਿੱਖਾਂ ਖ਼ਿਲਾਫ਼ ਵੱਡੀ ਸਾਜ਼ਿਸ਼ ਹੈ । SGPC ਦੇ ਜਨਰਲ ਸਕੱਤਰ ਨੇ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਵਿਚਾਰਨ,ਕਮੇਟੀ ਵੱਲੋਂ ਇਸ ਨੂੰ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ, ਵਿਦੇਸ਼ ਦੀਆਂ ਸਰਕਾਰਾਂ ਨਾਲ ਵੀ ਗੱਲਬਾਤ ਹੋ ਰਹੀ ਹੈ । ਉਨ੍ਹਾਂ ਕਿਹਾ ਜਿਹੜਾ ਮਾਹੌਲ ਹੁਣ ਬਣਾਇਆ ਜਾ ਰਿਹਾ ਹੈ ਉਹ 1984 ਵਿੱਚ ਵੀ ਵਿਖਾਈ ਦਿੱਤਾ ਸੀ। ਗਰੇਵਾਲ ਨੇ ਕਿਹਾ ਦੇਸ਼ ਵਿੱਚੋਂ ਸਿੱਖਾਂ ਨੂੰ ਹਟਾਉਣ ਦਾ ਮਤਲਬ ਇਹ ਹੋਵੇਗਾ ਕਿ ਅਸੀਂ ਮੁਲਕ ਦੀ ਅਖੰਡਤਾ ਅਤੇ ਏਕਤਾ ਨੂੰ ਢਾਹ ਲਾ ਰਹੇ ਹਾਂ, ਪਿਛਲਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ।