India Punjab

’84 ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਬਰੀ ! 39 ਸਾਲ ਬਾਅਦ 6 ਲੋਕਾਂ ਦੇ ਕਤਲ ਦੇ ਮਾਮਲੇ ‘ਚ ਨਹੀਂ ਮਿਲਿਆ ਇਨਸਾਫ

ਬਿਉਰੋ ਰਿਪੋਰਟ : ਦਿੱਲੀ ਦੇ ਰਾਉਜ ਅਵੈਨਿਊ ਕੋਰਟ ਨੇ ਬੁੱਧਵਾਰ ਨੂੰ 1984 ਸੁਲਤਾਨਪੁਰੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਮਾਮਲੇ ਵਿੱਚ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਹੈ । 1984 ਵਿੱਚ ਨਸਲਕੁਸ਼ੀ ਦੇ ਦੌਰਾਨ 6 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ । ਇਸ ਵਿੱਚ ਪਿਤਾ ਪੁੱਤਰ ਵੀ ਸ਼ਾਮਲ ਸਨ । ਭੀੜ ਨੇ ਜਸਵੰਤ ਸਿੰਘ ਅਤੇ ਤਰੁਣ ਦੀਪ ਸਿੰਘ ਨੂੰ ਮਾਰ ਦਿੱਤਾ ਸੀ । ਇਸ ਤੋਂ ਇਲਾਵਾ 4 ਹੋਰ ਲੋਕਾਂ ਦਾ ਕਤਲ ਕਰ ਦਿੱਤਾ ਸੀ ।ਸੱਜਨ ਕੁਮਾਰ ‘ਤੇ ਇਲਜ਼ਾਮ ਸੀ ਕਿ ਉਸ ਨੇ ਭੀੜ ਦੀ ਅਗਵਾਈ ਕੀਤੀ ਸੀ ਅਤੇ ਪਿਤਾ ਅਤੇ ਪੁੱਤਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ । ਸੁਲਤਾਨਪੁਰੀ ਨਸਲਕੁਸ਼ੀ ਦੇ ਮਾਮਲੇ ਵਿੱਚ ਚਮ ਕੌਰ ਨੂੰ ਸੀਬੀਆਈ ਨੇ ਗਵਾਹ ਬਣਾਇਆ ਸੀ । ਉਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਸੱਜਨ ਕੁਮਾਰ ਨੇ ਲੋਕਾਂ ਨੂੰ ਭੜਕਾਇਆ ਸੀ । ਇਸ ਮਾਮਲੇ ਵਿੱਚ 13 ਸਾਲ ਪਹਿਲਾਂ ਜੁਲਾਈ 2010 ਵਿੱਚ ਅਦਾਲਤ ਨੇ ਸੱਜਨ ਕੁਮਾਰ,ਬ੍ਰਹਮਨੰਦ,ਕੁਸ਼ਲ ਸਿੰਘ,ਪੇਰੂ,ਵੇਦ ਪ੍ਰਕਾਸ਼ ਖਿਲਾਫ ਸੁਲਤਾਨਪੁਰ ਵਿੱਚ ਹੋਈ ਸਿੱਖ ਨਸਲਕੁਸ਼ੀ ਖਿਲਾਫ ਕਤਲ ਦੇ ਇਲਜ਼ਾਮ ਤੈਅ ਕੀਤੇ ਸਨ ।

ਇੱਕ ਹੋਰ ਮਾਮਲੇ ਵਿੱਚ ਅਦਾਲਤ ਵੱਲੋ ਸੱਜਨ ਕੁਮਾਰ ਨੂੰ ਰਾਹਤ

23 ਅਗਸਤ ਨੂੰ ਦਿੱਲੀ ਦੀ ਰਾਉਸ ਅਵੈਨਿਊ ਅਦਾਲਤ ਨੇ ਸੱਜਨ ਕੁਮਾਰ ਦੇ ਖਿਲਾਫ ਇੱਕ ਮਾਮਲੇ ਵਿੱਚ ਕਤਲ ਅਤੇ ਅਪਾਧਿਕ ਸਾਜਿਸ਼ ਦੀ ਧਾਰਾਵਾਂ ਨੂੰ ਹਟਾ ਦਿੱਤਾ ਸੀ । 2015 ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸੱਜਨ ਕੁਮਾਰ ਦੇ ਖਿਲਾਫ FIR ਦਰਜ ਕੀਤਾ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਸਿੱਖ ਨਸਲਕੁਸ਼ੀ ਦੌਰਾਨ ਸੱਜਨ ਕੁਮਾਰ ਨੇ ਭੀੜ ਦੀ ਅਗਵਾਈ ਕੀਤਾ ਸੀ । ਇਸ ਦੌਰਾਨ ਸੋਹਨ ਸਿੰਘ ਉਸ ਦਾ ਜਵਾਈ ਅਵਤਾਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ।

ਇਸ ਤੋਂ ਇਲਾਵਾ ਦੂਜੀ FIR ਵਿੱਚ ਦੱਸਿਆ ਗਿਆ ਸੀ ਕਿ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨਾਂ ਦੇ ਸ਼ਖਸ ਨੂੰ ਵਿਕਾਸ ਪੁਰੀ ਦੇ ਇਲਾਕੇ ਵਿੱਚ ਜ਼ਿੰਦਾ ਸਾੜ ਸੀ ਜਿਸ ਦੀ ਵਜ੍ਹਾ ਕਰਕੇ ਗੁਰਚਰਨ ਸਿੰਘ 30 ਸਾਲ ਤੱਕ ਬਿਸਤਰੇ ‘ਤੇ ਹੀ ਪਿਆ ਰਿਹਾ ।

ਪਰ ਅਦਾਲਤ ਨੇ ਸੱਜਨ ਕੁਮਾਰ ਖਿਲਾਫ਼ ਚਾਰਜਸ਼ੀਟ ਵਿੱਚ ਲਗਾਏ ਗਏ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਸੱਜਨ ਕੁਮਾਰ ਖਿਲਾਫ ਭੀੜ ਵਿੱਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ । ਅਦਾਲਤ ਨੇ ਕਿਹਾ ਸੱਜਨ ਕੁਮਾਰ ਉੱਥੇ ਮੌਜੂਦ ਨਹੀਂ ਸੀ । ਜਿਸ ਤੋਂ ਬਾਅਦ ਸੱਜਨ ਕੁਮਾਰ ਖਿਲਾਫ ਕਤਲ ਦਾ ਚਾਰਜ ਹਟਾ ਦਿੱਤੇ ਗਏ ਸਨ।

2018 ਵਿੱਚ ਉਮਰ ਕੈਦ ਦੀ ਸਜ਼ਾ

ਦਿੱਲੀ ਹਾਈਕੋਰਟ ਨੇ 2018 ਵਿੱਚ ਸੱਜਨ ਕੁਮਾਰ ਨੂੰ 1984 ਨਸਲਕੁਸ਼ੀ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਇਸ ਦੇ ਨਾਲ 5 ਲੱਖ ਦਾ ਜੁਰਮਾਨਾ ਵੀ ਲਗਾਇਆ ਸੀ । 2013 ਵਿੱਚ ਟਰਾਇਲ ਕੋਰਟ ਨੇ ਸੱਜਣ ਕੁਮਾਰ ਨੂੰ ਇਸ ਮਾਮਲੇ ਵਿੱਚ ਛੱਡ ਦਿੱਤਾ ਸੀ । ਹਾਈਕੋਰਟ ਦੇ ਜੱਜ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ 1947 ਵਿੱਚ ਬਟਵਾਰੇ ਦੇ ਸਮੇਂ ਜਿਸ ਤਰ੍ਹਾਂ ਨਾਲ ਲੋਕਾਂ ਦਾ ਕਤਲ ਕੀਤਾ ਗਿਆ ਸੀ ਉਸੇ ਤਰ੍ਹਾਂ 37 ਸਾਲ ਬਾਅਦ ਦਿੱਲੀ ਵਿੱਚ ਕਤਲ ਕੀਤੇ ਗਏ। ਪਰ ਮੁਲਜ਼ਮ ਸਿਆਸੀ ਪਨਾਹ ਦੀ ਵਜ੍ਹਾ ਕਰਕੇ ਬਚ ਦੇ ਰਹੇ। ਜਿਸ ਮਾਮਲੇ ਵਿੱਚ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਉਸ ਵਿੱਚ ਇਲਜ਼ਾਮ ਸਨ ਕਿ ਦਿੱਲੀ ਦੇ ਪਾਲਮ ਇਲਾਕੇ ਦੇ ਰਾਜ ਨਗਰ ਪਾਰਟ 1 ਅਤੇ ਪਾਰਟ 2 ਵਿੱਚ 5 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਇਹ ਵਾਰਦਾਤ 1 ਅਤੇ 2 ਨਵੰਬਰ ਨੂੰ ਹੋਈ ਸੀ । ਇਹ ਪੂਰੀ ਵਾਰਦਾਤ ਸੱਜਨ ਕੁਮਾਰ ਦੀ ਸ਼ੈਅ ਤੇ ਹੋਈ ਸੀ ।