Punjab

ਪੰਜਾਬੀ ਯੂਨੀਵਰਸਿਟੀ ਦਾ ਮਾਮਲਾ ਗਰਮਾਇਆ , ਵਿਦਿਆਰਥੀਆਂ ਵੱਲੋਂ ਕੀਤਾ ਬੰਦ…

The matter of Punjabi University heated up, the main gate was closed by the students...

ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਇੱਕ ਵਿਦਿਆਰਥਣ ਦੀ ਬਿਮਾਰੀ ਕਾਰਨ ਹੋਈ ਮੌਤ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ। ਇਸ ਦੇ ਚੱਲਦਿਆਂ ਵਿਦਿਆਰਥੀਆਂ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

ਇਸ ਤਹਿਤ ਪ੍ਰਸ਼ਾਸਨ ਵੀ ਅਕਾਦਮਿਕ ਮਾਹੌਲ ਬਣਾਈ ਰੱਖਣ ਲਈ ਸਰਗਰਮ ਹੋ ਗਿਆ ਹੈ। ਯੂਨੀਵਰਸਿਟੀ ਦੇ ਪ੍ਰਬੰਧਨ ਮਾਮਲਿਆਂ ਵਾਲੇ ਸਾਰੇ ਦਫ਼ਤਰ ਐਤਵਾਰ ਨੂੰ ਵੀ ਖੁੱਲ੍ਹੇ ਰੱਖੇ ਗਏ। ਇਸ ਸਬੰਧੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ। ਇਸ ਮੌਕੇ ਡੀਐਸਪੀ ਜਸਵਿੰਦਰ ਟਿਵਾਣਾ ਤੇ ਹੋਰ ਅਧਿਕਾਰੀ ਮੌਜੂਦ ਸਨ। ਵੀਸੀ ਨੂੰ ਮਿਲੇ ਪੂਟਾ ਦੇ ਵਫ਼ਦ ਨੇ ਵੀ ਅਧਿਆਪਕ ’ਤੇ ਹਮਲੇ ਦੀ ਘਟਨਾ ’ਤੇ ਚਿੰਤਾ ਜਤਾਉਂਦਿਆਂ ਅਕਾਦਮਿਕ ਮਾਹੌਲ ਬਰਕਰਾਰ ਰੱਖਣ ਲਈ ਸਹਿਯੋਗ ਦਾ ਭਰੋਸਾ ਦਿੱਤਾ।

ਇਸੇ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਲਿਖਤੀ ਸ਼ਿਕਾਇਤਾਂ ਦੀ ਜਾਂਚ ਐਡੀਸ਼ਨਲ ਸੈਸ਼ਨ ਜੱਜ (ਰਿਟਾਇਰਡ) ਜਸਵਿੰਦਰ ਸਿੰਘ ਤੋਂ ਕਰਵਾਈ ਜਾ ਰਹੀ ਹੈ, ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇੱਥੇ ਵਿਸ਼ੇਸ਼ ਸ਼ਿਕਾਇਤ ਨਿਵਾਰਣ ਸੈੱਲ, ਅੰਦਰੂਨੀ ਸ਼ਿਕਾਇਤ ਕਮੇਟੀ ਤੇ ਸੈਕਸੁਅਲ ਹਰਾਸਮੈਂਟ ਵਿਰੋਧੀ ਸੈੱਲ ਵੀ ਮੌਜੂਦ ਹੈ। ਇਨ੍ਹਾਂ ਸੈੱਲਾਂ ਵਿਚ ਮੌਜੂਦਾ ਘਟਨਾਕ੍ਰਮ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਪੈਂਡਿੰਗ ਨਹੀਂ ਹੈ।

ਵਾਈਸ ਚਾਂਸਲਰ ਨੇ ਦੱਸਿਆ ਕਿ ਕਿਸੇ ਵਿਦਿਆਰਥੀ ਨੂੰ ਆਪਣਾ ਇਲਾਜ ਕਰਵਾਉਣ ਜਾਂ ਕਿਸੇ ਵੀ ਹੋਰ ਕੰਮ ਲਈ ਬਾਹਰ ਜਾਣ ਲਈ ਛੁੱਟੀ ਦੀ ਲੋੜ ਨਹੀਂ ਹੁੰਦੀ। ਵਿਦਿਆਰਥੀ ਹੋਸਟਲ ਦੇ ਰਜਿਸਟਰ ਵਿੱਚ ਲਿਖ ਕੇ ਜਦੋਂ ਮਰਜ਼ੀ ਤੇ ਜਿੱਥੇ ਮਰਜ਼ੀ ਜਾ ਸਕਦਾ ਹੈ।

ਵਾਈਸ ਚਾਂਸਲਰ ਨੇ ਇਹ ਵੀ ਦੱਸਿਆ ਕਿ ਇਮਤਿਹਾਨ ਵਿੱਚ ਬੈਠਣ ਲਈ 75 ਫ਼ੀਸਦੀ ਹਾਜ਼ਰੀਆਂ ਜ਼ਰੂਰੀ ਹਨ। ਸਿਹਤ ਜਾਂ ਹੋਰ ਢੁੱਕਵੇਂ ਨਿੱਜੀ ਕਾਰਨਾਂ ਕਰ ਕੇ 20 ਫ਼ੀਸਦੀ ਹਾਜ਼ਰੀਆਂ ਤੋਂ ਛੋਟ ਮਿਲਣ ’ਤੇ 55 ਫ਼ੀਸਦੀ ਹਾਜ਼ਰੀਆਂ ਨਾਲ ਹੀ ਇਮਤਿਹਾਨ ਵਿੱਚ ਬੈਠਿਆ ਜਾ ਸਕਦਾ ਹੈ। ਇਸ ਵਿਸ਼ੇਸ਼ ਛੋਟ ਦਾ ਕੁਝ ਫ਼ੀਸਦੀ ਹਿੱਸਾ ਸਬੰਧਿਤ ਵਿਭਾਗ, ਡੀਨ ਅਕਾਦਮਿਕ ਮਾਮਲੇ ਤੇ ਵਾਈਸ ਚਾਂਸਲਰ ਦੀ ਸਿਫ਼ਾਰਸ਼ ’ਤੇ ਆਧਾਰਤ ਹੁੰਦਾ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ ਉੱਪਰ ਲਾਈਵ ਹੋ ਕੇ ਕਿਹਾ ਹੈ ਕਿ ਸਾਡੇ ਵਿਦਿਅਕ ਅਦਾਰਿਆਂ ਵਿੱਚ ਨਿਰੋਲ ਨਾਸਤਿਕ ਬਿਰਤੀ ਦੇ ਲੋਕਾਂ ਦੀ ਘੁਸਪੈਠ ਹੋ ਗਈ ਹੈ। ਇਸ ਕਾਰਨ ਸਾਡੀਆਂ ਸ਼ਾਨਮੱਤੀ ਪ੍ਰੰਪਰਾਵਾਂ ਦਾ ਘਾਣ ਤੇ ਰਿਸ਼ਤਿਆਂ ਦੀ ਪਵਿੱਤਰਤਾ ਦਾ ਖਾਤਮਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਕਥਿਤ ਪ੍ਰੋਫੈਸਰ ਵੱਲੋਂ ਬੋਲੇ ਲਫਜਾਂ ਨਾਲ ਬੇਪਰਦ ਕੀਤੀ ਲੜਕੀ ਦੀ ਮੌਤ ਵਿਦਿਅਕ ਅਦਾਰਿਆਂ ‘ਤੇ ਸੁਆਲੀਆ ਚਿੰਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀ ਅਧਿਆਪਕ ਵਿਰੁੱਧ ਕਾਰਵਾਈ ਕਰੇ।

ਜਥੇਦਾਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਕਿ ਕੁਝ ਅਧਿਆਪਕ ਉਸ ਮੁਲਜ਼ਮ ਅਧਿਆਪਕ ਦਾ ਵਿਰੋਧ ਕਰਨ ਦੀ ਬਿਜਾਏ ਉਸਦੇ ਹੱਕ ਵਿੱਚ ਖੜ੍ਹੇ ਹਨ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਕੌਣ ਆਪਣੀਆਂ ਲੜਕੀਆਂ ਨੂੰ ਵਿਦਿਅਕ ਅਦਾਰਿਆਂ ਵਿੱਚ ਭੇਜੇਗਾ। ਜਥੇਦਾਰ ਨੇ ਕਿਹਾ ਕਿ ਪ੍ਰੋਫੈਸਰ ‘ਤੇ ਕਾਰਵਾਈ ਕਰਨ ਦੀ ਬਿਜਾਏ ਨੌਜਵਾਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।