ਬਿਉਰੋ ਰਿਪੋਰਟ : ਕੈਨੇਡਾ ਜਾਕੇ ਪੰਜਾਬੀ ਨੌਜਵਾਨਾ ਦਾ ਦਿਲ ਕਮਜ਼ੋਰ ਕਿਉਂ ਹੁੰਦਾ ਜਾ ਰਿਹਾ ਹੈ ? ਉਹ ਦਿਲ ਕਿਉਂ ਛੱਡ ਰਹੇ ਹਨ । 2 ਮਹੀਨੇ ਦੇ ਅੰਦਰ ਕੈਨੇਡਾ ਤੋਂ 10ਵੇਂ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ । ਕੈਨੇਡਾ ਦੇ ਸਰੀ ਇਲਾਕੇ ਵਿੱਚ ਰਹਿਣ ਵਾਲਾ ਨੌਜਵਾਨ ਮਨਜੋਤ ਸਿੰਘ 7 ਅਗਸਤ ਨੂੰ ਹੀ ਕੈਨੇਡਾ ਗਿਆ ਸੀ। 19 ਸਾਲ ਦਾ ਮਨਜੋਤ ਸਰੀ ਵਿੱਚ ਪੜ੍ਹਾਈ ਕਰ ਰਿਹਾ ਸੀ ।
ਦੱਸਿਆ ਜਾ ਰਿਹਾ ਹੈ ਕਿ ਮਨਜੋਤ ਕੋਕੁਇਟਲਸ ਕਾਲਜ ਵਿੱਚ ਪਹਿਲੇ ਦਿਨ ਗਿਆ ਸੀ । ਕਾਲਜ ਦੇ ਵਾਸ਼ਰੂਮ ਵਿੱਚ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ।ਮ੍ਰਿਤਕ ਨੌਜਵਾਨ ਘਨੌਰ ਦੇ ਪਿੰਡ ਸ਼ੰਭੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਪਰਿਵਾਰ ਨੇ ਕਰਜ਼ਾ ਚੁੱਕ ਕੇ ਮਨਜੋਤ ਨੂੰ ਕੈਨੇਡਾ ਇਸ ਉਮੀਦ ਨਾਲ ਭੇਜਿਆ ਸੀ ਪੜ੍ਹ ਲਿਖ ਕੇ ਉਹ ਆਪ ਹੀ ਕਰਜ਼ਾ ਉਤਾਰ ਦੇਵੇਗਾ । ਪਰ ਹੁਣ ਪੁੱਤਰ ਦੀ ਲਾਸ਼ ਵਾਪਸ ਮੰਗਵਾਉਣ ਦੇ ਲਈ ਵੀ ਘਰ ਵਾਲਿਆਂ ਕੋਲ ਪੈਸੇ ਨਹੀਂ ਹਨ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ।
ਮ੍ਰਿਤਕ ਨੌਜਵਾਨ ਮਨਜੋਤ ਦੇ ਚਾਚੇ ਦੇ ਭਰਾ ਅਮਨਦੀਪ ਸਿੰਘ ਵੱਲੋਂ ਪਰਿਵਾਰ ਦੀ ਮਦਦ ਲਈ ਫੰਡਰੇਜ਼ਰ ਪੇਜ਼ ਗੋ ਫੰਡ ਮੀ ‘ਤੇ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਪੈਸੇ ਇਕੱਠੇ ਕਰਨ ਲਈ ਮਦਦ ਮੰਗੀ ਹੈ ।
2 ਮਹੀਨੇ ‘ਚ 10ਵੇਂ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮਨਜੋਤ 10ਵਾਂ ਨੌਜਵਾਨ ਹੈ ਜਿਸ ਦੀ ਜੀਵਨ ਲੀਲਾ ਦਿਲ ਦਾ ਦੌਰਾ ਪੈਣ ਨਾਲ ਸਮਾਪਤ ਹੋਈ ਹੈ । 12 ਸਤੰਬਰ ਨੂੰ ਜਲੰਧਰ ਦੇ ਪਿੰਡ ਨੌਲੀ ਦੇ ਗਗਨਦੀਪ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਗਈ ਸੀ । ਉਹ 6 ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ । ਕੁਝ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ । ਅਚਾਨਕ ਉਸ ਦੀ ਤਬੀਅਤ ਵਿਗੜੀ ਅਤੇ ਉਸ ਨੇ ਮੌਕੇ ‘ਤੇ ਦਮ ਤੋੜ ਦਿੱਤਾ । ਉਸ ਦੀ ਮੌਤ ਦੇ ਪਿੱਛੇ ਦਿਲ ਦਾ ਦੌਰੇ ਨੂੰ ਕਾਰਨ ਦੱਸਿਆ ਗਿਆ ਸੀ ।
ਇਸ ਤੋਂ ਪਹਿਲਾਂ 2 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਦੇ ਹਨਦੀਪ ਸਿੰਘ ਦੀ ਵੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌ ਤ ਹੋਈ ਸੀ । 32 ਸਾਲ ਦਾ ਹਨੀ 6 ਮਹੀਨੇ ਪਹਿਲਾਂ ਪਤਨੀ ਦੇ ਨਾਲ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ । ਕੁਝ ਸਮੇਂ ਪਹਿਲਾਂ ਹੀ ਹਨੀ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹ ਪਤਨੀ ਦੇ ਨਾਲ ਕੈਨੇਡਾ ਚੱਲਾ ਗਿਆ ਸੀ ।
24 ਦਿਨ ਪਹਿਲਾਂ ਹੀ 32 ਸਾਲਾ ਪ੍ਰਿੰਸ ਅਰੋੜਾ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਹੁੰਚਿਆ ਸੀ । ਜਿੱਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। 3 ਅਗਸਤ ਨੂੰ ਹੀ ਪ੍ਰਿੰਸ ਦੀ ਪਤਨੀ ਨੇ ਕੈਨੇਡਾ ਦੇ ਕਾਗ਼ਜ਼ ਭੇਜੇ ਦਿੱਤੇ ਸਨ।
9 ਅਗਸਤ ਨੂੰ ਖ਼ਬਰ ਆਈ ਸੀ ਕਿ ਟੋਰਾਂਟੋ ਵਿੱਚ 22 ਸਾਲਾ ਮਨਪ੍ਰੀਤ ਕੌਰ ਨੂੰ ਦਿਲ ਦਾ ਦੌਰਾਨ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ । ਉਹ 18 ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਸੀ। ਮਨਪ੍ਰੀਤ ਕੌਰ ਬਰਨਾਲਾ ਦੀ ਰਹਿਣ ਵਾਲੀ ਸੀ।
9 ਅਗਸਤ ਨੂੰ ਹੀ 22 ਸਾਲਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ ਦੀ ਮੌਤ ਦੀ ਖ਼ਬਰ ਆਈ ਹੈ ।ਉਹ 4 ਸਾਲ ਪਹਿਲਾਂ ਕੈਨੇਡਾ ਗਿਆ ਸੀ । 26 ਸਾਲ ਦਾ ਸਚਿਨ ਪਿਤਾ ਬਿਸ਼ਨ ਦਾਸ ਦਾ ਇਕਲੌਤਾ ਪੁੱਤ ਸੀ
26 ਜੁਲਾਈ ਨੂੰ ਭਦੌੜ ਦੇ ਪਿੰਡ ਸੰਧੂ ਕਲਾਂ ਦੇ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਦੀ ਖ਼ਬਰ ਆਈ ਸੀ । 10 ਦਿਨ ਪਹਿਲਾਂ ਹੀ ਉਹ ਪੜ੍ਹਾਈ ਅਤੇ ਰੋਜ਼ਗਾਰ ਦੇ ਲਈ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ । ਜਗਜੀਤ 14 ਜੁਲਾਈ ਨੂੰ ਕੈਨੇਡਾ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਉਸ ਦੀ ਮੌਤ ਇੰਤਜ਼ਾਰ ਕਰ ਰਹੀ ਸੀ । 4 ਮਹੀਨ ਪਹਿਲਾਂ ਹੀ ਮ੍ਰਿਤਕ ਜਗਜੀਤ ਦੀ ਭੈਣ ਕੈਨੇਡਾ ਪੜ੍ਹਾਈ ਕਰਨ ਗਈ ਸੀ ।
20 ਜੁਲਾਈ ਨੂੰ ਗੁਰਦਾਸਪੁਰ ਦੇ ਰਜਤ ਮਹਿਰਾ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ । ਰਜਤ 21 ਦਿਨ ਪਹਿਲਾਂ ਕੈਨੇਡਾ ਪੜ੍ਹਨ ਦੇ ਲਈ ਗਿਆ ਸੀ । ਉਸ ਦੀ ਮੌਤ ਦੇ ਪਿੱਛੇ ਵੀ ਦਿਲ ਦਾ ਦੌਰਾ ਪੈਣ ਨੂੰ ਕਾਰਨ ਦੱਸਿਆ ਗਿਆ ਸੀ ।
ਇਸ ਤੋਂ ਪਹਿਲਾਂ 13 ਜੁਲਾਈ ਨੂੰ ਜਲਾਲਾਬਾਦ ਦੇ ਸੰਜੇ ਦੀ ਵੀ ਇਸੇ ਤਰ੍ਹਾਂ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ। 26 ਸਾਲ ਦਾ ਸੰਜੇ ਕੈਨੇਡਾ ਦੇ ਬ੍ਰਿਮਟਨ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ । ਸੰਜੇ ਕੰਮ ਤੋਂ ਪਰਤ ਕੇ ਘਰ ਸੁੱਤਾ ਹੋਇਆ ਸੀ । ਪਰ ਸਵੇਰੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ । ਸੰਜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਕੈਨੇਡਾ ਵਿੱਚ ਕਾਨੂੰਨ ਦੀ ਪੜਾਈ ਕਰ ਰਿਹਾ ਸੀ ।
ਕਿਉਂ ਪੰਜਾਬੀਆਂ ਦਾ ਦਿਲ ਕੈਨੇਡਾ ਜਾਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ ?
ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਕਾਰਨ ਕੀ ਹੈ ? ਕੁਝ ਮਾਹਿਰਾ ਦਾ ਕਹਿਣਾ ਹੈ ਕਿ ਕੋਵਿਡ ਨੇ ਸਾਡੇ ਸਰੀਰ ਦੇ ਹਰ ਹਿੱਸੇ ਵਿੱਚ ਅਸਰ ਕੀਤਾ ਹੈ । ਦੂਜਾ ਕੈਨੇਡਾ ਦਾ ਮੌਸਮ ਭਾਰਤ ਤੋਂ ਬਿਲਕੁਲ ਵੱਖ ਹੈ,ਅੱਤ ਦੀ ਸਰਦੀ ਨੂੰ ਇੱਕ ਦਮ ਸਰੀਰ ਝੱਲ ਨਹੀਂ ਪਾਉਂਦਾ ਹੈ। ਤੀਜਾ ਵੱਡਾ ਕਾਰਨ ਹੈ ਦਬਾਅ,ਕੈਨੇਡਾ ਪਹੁੰਚ ਦੇ ਹੀ ਅਸੀਂ ਸਿੱਧਾ ਨੌਕਰੀ ਦੀ ਉਮੀਦ ਕਰਦੇ ਹਾਂ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਕੁਝ ਲੋਕ ਦਬਾਅ ਮਹਿਸੂਸ ਕਰਦੇ ਅਤੇ ਫਿਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ । ਨੌਕਰੀ ਦੇ ਮਾਮਲੇ ਵਿੱਚ ਕੈਨੇਡਾ ਤੋਂ ਜਿਹੜੀਆਂ ਤਸਵੀਰਾਂ ਅਤੇ ਖਬਰਾਂ ਆ ਰਹੀਆਂ ਹਨ ਉਹ ਵੀ ਪਰੇਸ਼ਾਨ ਕਰਨ ਵਾਲੀਆਂ ਹਨ । ਚੀਜ਼ਾ ਦੀ ਕੀਮਤਾਂ ਵੱਧ ਗਈਆਂ ਹਨ ਨੌਕਰੀਆਂ ਘੱਟ ਹਨ ਜਿਸ ਦਾ ਸਿੱਟਾ ਬੇਰੁਜ਼ਗਾਰੀ ਵੱਧ ਗਈ ਹੈ । ਸਭ ਤੋਂ ਵੱਡਾ ਕਾਰਨ ਪਰਿਵਾਰ ਤੋਂ ਦੂਰੀ ਅਤੇ ਇਕੱਲੇ ਹੋਣ ਦਾ ਅਹਿਸਾਸ ਦਿਲ ਅਤੇ ਦਿਮਾਗ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ।