Punjab

ਪਟਵਾਰੀਆਂ ਦੇ ਮੁੱਦੇ ‘ਤੇ CM ਮਾਨ ਦਾ ਮੁੜ ਤੋਂ U-TURN ! 8 ਸਤੰਬਰ ਦੇ ਆਪਣੇ ਐਲਾਨ ਨੂੰ ਪਲਟਿਆ ! 5 ਤੋਂ 18 ਹਜ਼ਾਰ ਟ੍ਰੇਨਿੰਗ ਭੱਤਾ ਕਰਨ ‘ਤੇ ਵੀ ਉੱਠੇ ਸਵਾਲ !

ਬਿਉਰੋ ਰਿਪੋਰਟ : ਪਟਵਾਰੀਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਆਪਣੇ ਹੀ ਫੈਸਲੇ ‘ਤੇ ਮੁੜ ਤੋਂ U-TURN ਕਰਨ ਦੇ ਇਲਜ਼ਾਮ ਲੱਗੇ ਹਨ । ਪਟਵਾਰੀਆਂ ਦੇ ਹੜਤਾਲ ‘ਤੇ ਜਾਣ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਵਿੱਚ ਭਰਤੀ ਕੀਤੇ 1090 ਪਟਵਾਰੀਆਂ ਨੂੰ 15 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਹੀ ਸਰਕਲ ‘ਤੇ ਭੇਜਣ ਦਾ ਐਲਾਨ ਕੀਤਾ ਸੀ । ਜਦਕਿ ਟ੍ਰੇਨਿੰਗ ਦਾ ਸਮਾਂ 18 ਮਹੀਨੇ ਸੀ । ਪਰ ਮੁੜ ਤੋਂ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ 1090 ਪਟਵਾਰੀਆਂ ਨੂੰ ਆਪਣੀ ਪੂਰੀ ਟ੍ਰੇਨਿੰਗ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ । ਯਾਨੀ ਮੁੜ ਤੋਂ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹੱਟ ਗਈ ਹੈ । ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਭਾਵੇ 2022 ਵਿੱਚ 1090 ਪਟਵਾਰੀ ਭਰਤੀ ਕੀਤੇ ਸਨ ਪਰ 349 ਪਟਵਾਰੀ ਵਿੱਚੋ ਹੀ ਟ੍ਰੇਨਿੰਗ ਛੱਡ ਗਏ ਅਤੇ ਕਿਸੇ ਹੋਰ ਅਧਾਰੇ ਨਾਲ ਜੁੜ ਗਏ ਹੁਣ ਫਿਲਹਾਲ 741 ਪਟਵਾਰੀ ਹੀ ਟ੍ਰੇਨਿੰਗ ਲੈ ਰਹੇ ਹਨ ।

ਸੀਐੱਮ ਮਾਨ ਦਾ ਪਟਵਾਰੀਆਂ ‘ਤੇ ਪਹਿਲੀ ਵਾਰ ਯੂ-ਟਰਨ ਨਹੀਂ

ਪਟਵਾਰੀਆਂ ਨੂੰ ਲੈਕੇ ਮਾਨ ਸਰਕਾਰ ਨੇ U-TURN ਪਹਿਲੀ ਵਾਰ ਨਹੀਂ ਲਿਆ ਗਿਆ ਹੈ । ਜਦੋਂ 2022 ਵਿੱਚ ਸਰਕਾਰ ਨੇ 1090 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ ਤਾਂ ਐਲਾਨ ਕੀਤਾ ਸੀ ਕਿ ਪਟਵਾਰੀਆਂ ਦੀ ਡੇਢ ਸਾਲ ਯਾਨੀ 18 ਮਹੀਨੇ ਦੀ ਟ੍ਰੇਨਿੰਗ ਨੂੰ ਇੱਕ ਸਾਲ ਕਰ ਦਿੱਤਾ ਗਿਆ ਹੈ। ਜਿਸ ਵਿੱਚ 9 ਮਹੀਨੇ ਪਟਵਾਰਖਾਨੇ ਅਤੇ 3 ਮਹੀਨੇ ਫੀਲਡ ਦੀ ਟ੍ਰੇਨਿੰਗ ਰੱਖੀ ਗਈ ਸੀ । 1090 ਬੈਚ ਤੋਂ ਪਹਿਲਾਂ ਭਰਤੀ ਹੋਏ ਪਟਵਾਰੀਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਹਾਈਕੋਰਟ ਪਟੀਸ਼ਨ ਪਾਈ ਸੀ ਕਿ ਸਰਕਾਰ ਦੇ ਤਾਜ਼ਾ ਫੈਸਲੇ ਨਾਲ ਪਿੱਛੋ ਆਉਣ ਵਾਲੇ ਪਟਵਾਰੀ ਸੀਨੀਅਰ ਹੋ ਜਾਣਗੇ।

ਜਿਸ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਬਦਲਿਆ ਸੀ ਅਤੇ ਟ੍ਰੇਨਿੰਗ ਨੂੰ 18 ਮਹੀਨੇ ਕਰ ਦਿੱਤਾ ਸੀ । ਭਗਵੰਤ ਮਾਨ ਸਰਕਾਰ ਦੇ ਤਾਜ਼ਾ U-TURN ਦੇ ਪਿੱਛੇ ਵੀ ਇਹ ਹੀ ਤਰਕ ਦਿੱਤਾ ਜਾ ਰਿਹਾ ਹੈ ਕਿ ਮਾਮਲਾ ਹਾਈਕੋਰਟ ਵਿੱਚ ਹੈ ਇਸ ਲਈ 18 ਮਹੀਨੇ ਦੀ ਟ੍ਰੇਨਿੰਗ ਜ਼ਰੂਰੀ ਹੈ। ਵਿਰੋਧੀ ਸਵਾਲ ਕਰ ਰਹੇ ਹਨ ਕਿ ਐਲਾਨ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਤੱਥਾ ਬਾਰੇ ਕਿਉਂ ਨਹੀਂ ਪੜਤਾਲ ਕਰਦੇ ਹਨ । ਇਸ ਤੋਂ ਇਲਾਵਾ ਨਵੇਂ 710 ਪਟਵਾਰੀਆਂ ਨੂੰ 8 ਸਤੰਬਰ ਨੂੰ ਨਿਯੁਕਤੀ ਪੱਤਰ ਸੌਂਪਣ ਦੌਰਾਨ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਸੀ ਕਿ ਟ੍ਰੇਨਿੰਗ ਦੌਰਾਨ ਹੁਣ ਪਟਵਾਰੀਆਂ ਨੂੰ 5 ਹਜ਼ਾਰ ਭੱਤੇ ਦੀ ਥਾਂ 18 ਹਜ਼ਾਰ ਦਿੱਤੇ ਜਾਣਗੇ । ਸੀਐੱਮ ਮਾਨ ਦੇ ਇਸ ਐਲਾਨ ਨੂੰ ਲੈਕੇ ਵੀ ਪਟਵਾਰੀਆਂ ਦੇ ਖਦਸ਼ੇ ਹਨ।

18 ਹਜ਼ਾਰ ਦੇ ਭੱਤੇ ‘ਤੇ ਪਟਵਾਰੀਆਂ ਨੂੰ ਕਿਉਂ ਨਹੀਂ ਯਕੀਨ

2022 ਵਿੱਚ ਜਿੰਨਾਂ 1090 ਪਟਵਾਰੀਆਂ ਨੂੰ ਭਰਤੀ ਕੀਤਾ ਗਿਆ ਸੀ ਉਨ੍ਹਾਂ ਨੂੰ ਸਰਕਾਰ ਨੇ 19900 ਬੇਸਿਕ ਤਨਖਾਹ ਦੇਣ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਦਾ ਕਹਿਣਾ ਕਿ ਸਾਡੇ ਖਾਤੇ ਵਿੱਚ ਸਿਰਫ 5 ਹਜ਼ਾਰ ਪ੍ਰਤੀ ਮਹੀਨਾ ਹੀ ਆ ਰਿਹਾ ਅਤੇ ਉਹ ਵੀ ਸਰਕਾਰ ਨੇ ਪਿੱਛਲੇ ਤਿੰਨ ਮਹੀਨਿਆਂ ਤੋਂ ਨਹੀਂ ਪਾਏ । ਹੜ੍ਹਤਾਲ ‘ਤੇ ਜਾਣ ਵਾਲੇ ਪਟਵਾਰੀਆਂ ਦੀ ਮੰਗ ਵਿੱਚ ਇਹ ਵੀ ਮੁੱਦਾ ਸ਼ਾਮਲ ਸੀ ਕਿ ਕਿਵੇਂ 164 ਰੁਪਏ ਦੀ ਦਿਹਾੜੀ ‘ਤੇ ਤੁਸੀਂ ਨਵੇਂ ਪਟਵਾਰੀਆਂ ਤੋਂ ਕੰਮ ਕਰਵਾਉਗੇ । ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 8 ਸਤੰਬਰ ਨੂੰ ਜਦੋਂ ਨਵੇਂ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ ਤਾਂ 18000 ਰੁਪਏ ਟ੍ਰੇਨਿੰਗ ਭੱਤਾ ਦੇਣ ਦਾ ਐਲਾਨ ਕੀਤਾ ਸੀ । ਪਰ 1090 ਵਾਲੇ ਪਟਵਾਰੀਆਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਵਾਅਦੇ ਮੁਤਾਬਿਕ 19,900 ਰੁਪਏ ਨਹੀਂ ਮਿਲੇ ਤਾਂ ਸਰਕਾਰ 18 ਹਜ਼ਾਰ ਰੁਪਏ ਕਿਵੇਂ ਦੇਵੇਗੀ ?