ਚੰਡੀਗੜ੍ਹ : ਬੁੱਧਵਾਰ ਨੂੰ ਅਨੰਤਨਾਗ ‘ਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੜੋਜੀਆ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਲਾਸ਼ ਸਵੇਰੇ 11:30 ਵਜੇ ਚੰਡੀਮੰਦਰ ਆਰਮੀ ਕੈਂਟ ਤੋਂ ਪਿੰਡ ਪਹੁੰਚੇਗੀ। ਇੱਥੇ ਦੁਪਹਿਰ 2 ਤੋਂ 2:30 ਦਰਮਿਆਨ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਲਈ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਿੰਡ ਦੇ ਸ਼ਮਸ਼ਾਨਘਾਟ ਅਤੇ ਇਸ ਦੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਗਈ ਹੈ। ਮੁਹਾਲੀ ਪ੍ਰਸ਼ਾਸਨ ਵੱਲੋਂ ਇਸ ਦੀ ਜ਼ਿੰਮੇਵਾਰੀ ਬਲਾਕ ਮਾਜਰੀ ਦੀ ਨਾਇਬ ਤਹਿਸੀਲਦਾਰ ਜਸਵੀਰ ਕੌਰ ਨੂੰ ਦਿੱਤੀ ਗਈ ਹੈ। ਉਹ ਪੂਰੀ ਤਿਆਰੀ ਦੌਰਾਨ ਮੌਕੇ ‘ਤੇ ਮੌਜੂਦ ਰਹੀ।
ਕਰਨਲ ਮਨਪ੍ਰੀਤ ਸਿੰਘ ਮੂਲ ਰੂਪ ਵਿੱਚ ਮੁਹਾਲੀ ਜ਼ਿਲ੍ਹੇ ਦੇ ਪਿੰਡ ਭਦੌਣੀਆਂ ਦਾ ਵਸਨੀਕ ਸੀ। ਕਰਨਲ ਦੀ ਸ਼ਹਾਦਤ ਦੀ ਸੂਚਨਾ ਉਨ੍ਹਾਂ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਸ਼ਾਮ 5.30 ਵਜੇ ਦੇ ਕਰੀਬ ਫ਼ੋਨ ‘ਤੇ ਮਿਲੀ ਸੀ।
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਕਰਨਲ ਮਨਪ੍ਰੀਤ ਸਿੰਘ, ਵਾਸੀ ਪਿੰਡ ਭੜੋਜੀਆ, ਨਿਊ ਚੰਡੀਗੜ੍ਹ, ਸ਼ਹੀਦ ਹੋ ਗਏ ਸਨ।ਫ਼ੌਜ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਪੁਖ਼ਤਾ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਸੀ। ਇਸ ਆਪ੍ਰੇਸ਼ਨ ਦੀ ਨਿਗਰਾਨੀ ਕਰਨ ਲਈ ਕਮਾਂਡਿੰਗ ਅਫ਼ਸਰ ਕਰਨਲ ਮਨਪ੍ਰੀਤ ਸਿੰਘ ਖ਼ੁਦ ਮੌਕੇ ‘ਤੇ ਪਹੁੰਚੇ ਸਨ ਪਰ ਜਿਵੇਂ ਹੀ ਉਹ ਆਪਣੀ ਗੱਡੀ ਤੋਂ ਹੇਠਾਂ ਉੱਤਰੇ ਤਾਂ ਅੱਤਵਾਦੀਆਂ ਨੇ ਤੇਜ਼ੀ ਨਾਲ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਅਤੇ ਗੋਲ਼ੀਬਾਰੀ ਦੇ ਪਹਿਲੇ ਹੀ ਧਮਾਕੇ ‘ਚ ਉਨ੍ਹਾਂ ਨੂੰ ਗੋਲੀ ਲੱਗ ਗਈ। ਘਟਨਾ ਸਥਾਨ ‘ਤੇ ਸੰਘਣਾ ਜੰਗਲ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਬਾਹਰ ਨਹੀਂ ਕੱਢਿਆ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਖ਼ੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ 2 ਸਾਲ ਪਹਿਲਾਂ ਸੈਨਾ ਵੱਲੋਂ ਸੈਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 19 ਰਾਸ਼ਟਰੀ ਰਾਈਫਲਜ਼ ‘ਚ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਹਨ। 2021 ਵਿਚ ਇਸੇ ਬਟਾਲੀਅਨ ਨੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਦਾ ਸਾਹਮਣਾ ਕੀਤਾ ਸੀ ਅਤੇ ਉਸ ਸਮੇਂ ਦੇ ਲੈਫਟੀਨੈਂਟ ਕਰਨਲ ਮਨਪ੍ਰੀਤ ਸਿੰਘ ਨੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਉਹੀ ਬਟਾਲੀਅਨ ਹੈ ਜਿਸ ਨੇ 2016 ‘ਚ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰ ਦਿੱਤਾ ਸੀ।