29 ਸਾਲਾਂ ਬਾਅਦ ਸੂਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਬੁੱਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ। ਇਹ ਸੀਨੀਅਰ ਅਕਾਲੀ ਆਗੂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਦਿੱਲੀ ਪੁੱਜੇ ਸੀ। ਉੱਥੇ ਉਹ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਸੁਆਗਤ ਸਮਾਰੋਹ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਤੇ ਰਾਸ਼ਟਰੀ ਸਕੱਤਰ ਨਰਿੰਦਰ ਰੈਨਾ, ਭਾਜਪਾ ਸੰਗਠਨ ਮੰਤਰੀ ਸ੍ਰੀਨਿਵਾਸੂਲੂ, ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹਾਜ਼ਰ ਸਨ। ਇਸ ਦੌਰਾਨ ਭਾਜਪਾ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਇਨ੍ਹਾਂ ਆਗੂਆਂ ਨਾਲ ਭਾਜਪਾ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ।
ਦੱਸ ਦੇਈਏ ਕਿ ਗੁਰਪ੍ਰਤਾਪ ਸਿੰਘ ਟਿੱਕਾ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਟਿੱਕਾ ਨੇ ਆਪਣੇ ਅਸਤੀਫ਼ੇ ‘ਚ ਕਿਹਾ ਸ਼੍ਰੋਮਣੀ ਅਕਾਲੀ ਹੁਣ ਵਪਾਰਕ ਅਤੇ ਸਵਾਰਥੀ ਸੋਚ ਵਾਲੇ ਵਿਅਕਤੀਆਂ ਦੇ ਹੱਥ ਹੈ ਅਤੇ ਪੰਥਕ ਸੋਚ ਤੋਂ ਲਾਂਭੇ ਹੋ ਗਈ ਹੈ ਗੁਰਪ੍ਰਤਾਪ ਟਿਕਾ ਦੀ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੈ ਕੀ ਉਹ ਪਿਛਲੇ ਕਈ ਸਮੇਂ ਤੋਂ ਆਪਣੇ ਆਪ ਨੂੰ ਨਜ਼ਰ ਨਜ਼ਰ ਅੰਦਾਜ਼ ਹੁੰਦਾ ਦੇਖ ਰਹੇ ਹਨ ਪਰ ਬਾਦਲ ਪਰਿਵਾਰ ਦੀ ਨੇੜਤਾ ਕਰਕੇ ਉਹਨਾਂ ਨੂੰ ਹਮੇਸ਼ਾ ਰਾਜਨੀਤਿਕ ਤੋਰ ਤੇ ਪਿੱਛੇ ਹੀ ਰੱਖਿਆ ਗਿਆ ਹੈ।
ਟਿੱਕਾ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਵੀ ਲੜ ਚੁੱਕੇ ਹਨ। ਅਜੈਬੀਰਪਾਲ ਸਿੰਘ ਰੰਧਾਵਾ ਲੰਮਾ ਸਮਾਂ ਅਕਾਲੀ ਦਲ ਦੇ ਯੂਥ ਵਿੰਗ ਵਿੱਚ ਕੰਮ ਕਰ ਚੁੱਕੇ ਹਨ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਮੇਅਰ ਰਹਿ ਚੁੱਕੇ ਹਨ।