Punjab

ਅੰਮ੍ਰਿਤਸਰ ਵਿੱਚ ਔਰਤ ਵਕੀਲ ਨੇ ਆਪਣੀ ਜ਼ਿੰਦਗੀ ਕੀਤੀ ਖਤਮ ! 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ !

ਬਿਉਰੋ ਰਿਪੋਰਟ : ਅਦਾਲਤ ਵਿੱਚ ਲੋਕਾਂ ਦੇ ਕੇਸ ਮਜ਼ਬੂਤੀ ਨਾਲ ਰੱਖਣ ਵਾਲੀਆਂ 2 ਔਰਤ ਵਕੀਲਾਂ ਨੂੰ ਲੈਕੇ 2 ਦਿਨਾਂ ਵਿੱਚ ਮਾੜੀਆਂ ਖ਼ਬਰਾਂ ਸਾਹਮਣੇ ਆਈਆਂ ਹਨ । ਨੋਇਡਾ ਵਿੱਚ ਸੁਪਰੀਮ ਕੋਰਟ ਦੀ ਔਰਤ ਵਕੀਲ ਦਾ ਪਤੀ ਨੇ ਜਾਇਦਾਦ ਲਈ ਕਤਲ ਕਰ ਦਿੱਤਾ ਤਾ ਅੰਮ੍ਰਿਤਸਰ ਵਿੱਚ ਇੱਕ ਔਰਤ ਵਕੀਲ ਨੇ ਆਪਣੀ ਜ਼ਿੰਦਗੀ ਆਪ ਖਤਮ ਕਰ ਲਈ,ਇਸ ਦੇ ਪਿੱਛੇ ਕਾਰਨ ਸਹੁਰਾ ਪਰਿਵਾਰ ਦੱਸਿਆ ਜਾ ਰਿਹਾ ਹੈ । ਇਸ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਵਕੀਲਾਂ ਦੀ ਐਸੋਸੀਏਸ਼ਨ ਨੇ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ ।

ਅੰਮ੍ਰਿਤਸਰ ਵਿੱਚ ਮ੍ਰਿਤਕ ਵਕੀਲ ਦੀ ਪਛਾਣ ਹੀਨਾ ਭਨੋਟ ਦੇ ਰੂਪ ਵਿੱਚ ਹੋਈ ਹੈ । ਉਨ੍ਹਾਂ ਦੀ ਉਮਰ ਤਕਰੀਬਨ 28 ਸਾਲ ਸੀ ਅਤੇ ਉਹ ਝਬਾਲ ਰੋਡ ‘ਤੇ ਸਥਿਤ ਗ੍ਰੈਂਡ ਸਿੱਟੀ ਵਿੱਚ ਪਤੀ ਦੇ ਨਾਲ ਰਹਿੰਦੀ ਸੀ । ਪੱਖੇ ‘ਤੇ ਫਾਹਾ ਲਾਕੇ ਹੀਨਾ ਨੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਿਹਾ ਹੈ।

ਹੀਨਾ ਦਾ ਵਿਆਹ 3 ਸਾਲ ਪਹਿਲਾਂ 2020 ਵਿੱਚ ਹੋਇਆ ਸੀ ਉਸ ਦੀ ਇੱਕ ਧੀ ਵੀ ਸੀ । ਹੀਨਾ ਭਨੋਟ ਦਾ ਸਹੁਰੇ ਪਰਿਵਾਰ ਦੇ ਨਾਲ ਜਾਇਦਾਦ ਨੂੰ ਲੈਕੇ ਵਿਵਾਦ ਸੀ ਜਿਸ ਦਾ ਮਾਮਲਾ ਕੋਰਟ ਵਿੱਚ ਸੀ। ਹੀਨਾ 5 ਸਾਲਾਂ ਤੋਂ ਸਿਵਲ ਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਸੀ ।
ਮੰਗਲਵਾਰ ਨੂੰ ਹੀਨਾ ਵੱਲੋਂ ਜਦੋਂ ਆਪਣੀ ਜ਼ਿੰਦਗੀ ਖਤਮ ਕਰ ਲਈ ਗਈ ਤਾਂ ਪੁਲਿਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਫਿਲਹਾਲ ਮ੍ਰਿਤਕ ਵਕੀਲ ਦੇ ਭਰਾ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ । ਮ੍ਰਿਤਕ ਦਾ ਭਰਾ ਵੀ ਪੇਸ਼ੇ ਤੋਂ ਵਕੀਲ ਹੈ ਜਦਕਿ ਪਿਤਾ ਅੰਮ੍ਰਿਤਸਰ ਵਿੱਚ ਜੱਜ ਦੇ ਰੀਡਰ ਹਨ ।