ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੁਲੀਸ ਅਧਿਕਾਰੀਆਂ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ’ਤੇ ਆਪਸੀ ਮਿਲੀਭੁਗਤ ਦੇ ਦੋਸ਼ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁਅੱਤਲ ਹੋਣ ਅਤੇ ਲਾਈਨ ਹਾਜ਼ਰ ਹੋਣ ਦੇ ਬਾਵਜੂਦ ਐਸਐਚਓ ਨਵਦੀਪ ਸਿੰਘ ’ਤੇ ਵਾਰ-ਵਾਰ ਸ਼ਹਿਰ ਦੇ ਥਾਣਿਆਂ ਵਿੱਚ ਲਗਾਇਆ ਜਾ ਰਿਹਾ ਸੀ ਕਿਉਂਕਿ ਉਸ ਦੀ ‘ਆਪ’ ਵਿਧਾਇਕ ਰਮਨ ਅਰੋੜਾ ਅਤੇ ਨਸ਼ਾ ਤਸਕਰਾਂ ਨਾਲ ਸਾਂਝ ਹੈ।
ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਸਾਬਕਾ ਐਸਐਚਓ ਨਵਦੀਪ ਸਿੰਘ ਬਾਰੇ ਮਜੀਠੀਆ ਨੇ ਕਿਹਾ ਕਿ ਉਹ ਵਿਵਾਦਤ ਵਿਅਕਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਵਦੀਪ ਥਾਣਾ ਰਾਮਾਮੰਡੀ, ਥਾਣਾ 8 ਅਤੇ ਥਾਣਾ 1 ਵਿੱਚ ਤਾਇਨਾਤ ਸੀ। ਮਜੀਠੀਆ ਨੇ ਕਿਹਾ ਕਿ ਨਵਦੀਪ ਨੂੰ ਪਹਿਲਾਂ ਵੀ ਬਰਖਾਸਤ ਕੀਤਾ ਗਿਆ ਸੀ। ਮਜੀਠੀਆ ਨੇ ਦੋਸ਼ ਲਾਇਆ ਕਿ ਉਹ ਆਸਟ੍ਰੇਲੀਆ ਗਿਆ ਸੀ ਅਤੇ ਉਥੇ ਉਸ ਦੀਆਂ ਹਰਕਤਾਂ ਕਰਕੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ।
ਮਜੀਠੀਆ ਨੇ ਦੱਸਿਆ ਕਿ ਜਦੋਂ ਨਵਦੀਪ ਸਿੰਘ ਰਾਮਾਮੰਡੀ ਥਾਣੇ ‘ਚ ਤਾਇਨਾਤ ਸੀ ਤਾਂ ਉੱਥੇ ਦੇ ਇੱਕ ਨਿੱਜੀ ਸਕੂਲ ‘ਚ 35 ਲੱਖ ਰੁਪਏ ਦੀ ਚੋਰੀ ਹੋਈ ਸੀ। ਉਸ ਕੇਸ ਵਿੱਚ ਪੁਲਿਸ ਮੁਲਾਜ਼ਮਾਂ ਨੇ 8 ਲੱਖ ਰੁਪਏ ਦੀ ਰਿਕਵਰੀ ਦਿਖਾ ਕੇ ਬਾਕੀ ਰਕਮ ਖੁਰਦ ਬੁਰਦ ਕਰ ਲਈ ਸੀ। ਇਸ ਮਾਮਲੇ ‘ਚ ਏ.ਐੱਸ.ਆਈ ਮਨੀਸ਼ ਨੂੰ ਨਾਮਜ਼ਦ ਕੀਤਾ ਗਿਆ ਸੀ, ਜਦਕਿ ਤਤਕਾਲੀ ਸਟੇਸ਼ਨ ਇੰਚਾਰਜ ਨਵਦੀਪ ਮਾਮਲੇ ‘ਚੋਂ ਸਾਫ-ਸੁਥਰੇ ਬਾਹਰ ਆ ਕੇ ਬਚ ਗਿਆ ਸੀ।
ਉਨ੍ਹਾਂ ਕਿਹਾ ਕਿ ਨਵਦੀਪ ਨੂੰ ਬਚਾਉਣ ਵਿੱਚ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਦਾ ਹੱਥ ਸੀ। ਉਸ ਨੂੰ ਕੁਝ ਦਿਨ ਲਾਈਨ ਵਿਚ ਰੱਖਣ ਤੋਂ ਬਾਅਦ ਸਰਕਾਰ ਦੇ ਆਸ਼ੀਰਵਾਦ ਨਾਲ ਉਸ ਨੂੰ ਮੁੜ ਸ਼ਹਿਰ ਦੇ ਥਾਣੇ ਦਾ ਇੰਚਾਰਜ ਲਗਾ ਦਿੱਤਾ ਗਿਆ। ਮਜੀਠੀਆ ਨੇ ਦੋਸ਼ ਲਾਇਆ ਕਿ ਨਵਦੀਪ ਦੀ ਸ਼ਰਾਬ ਤਸਕਰ ਸੋਨੂੰ ਟੈਂਕਰ ਨਾਲ ਵੀ ਹਿੱਸੇਦਾਰੀ ਹੈ। ਇਸ ਵਿੱਚ ਵਿਧਾਇਕ ਅਮਨ ਅਰੋੜਾ ਵੀ ਸ਼ਾਮਲ ਹਨ।
ਅਕਾਲੀ ਆਗੂ ਨੇ ਕਿਹਾ ਕਿ ਇੱਕ ਥਾਣਾ ਇੰਚਾਰਜ ਦਾ ਮਿਆਰ ਇੰਨਾ ਉੱਚਾ ਹੈ ਕਿ ਉਹ ਸੂਰਿਆ ਐਨਕਲੇਵ ਵਿੱਚ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮਕਾਨ ਵਿੱਚ ਰਹਿੰਦਾ ਹੈ। ਉਹ ਇੰਨਾ ਪੈਸਾ ਕਿੱਥੋਂ ਲੈ ਰਿਹਾ ਹੈ? ਇਹ ਸਾਰਾ ਪੈਸਾ ਨਸ਼ਾ ਤਸਕਰਾਂ ਦੀ ਮਿਲੀਭੁਗਤ ਨਾਲ ਉਸ ਕੋਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਦੀਪ ਨੂੰ ਫੜਿਆ ਨਹੀਂ ਜਾ ਰਿਹਾ ਕਿਉਂਕਿ ਆਗੂਆਂ ਦਾ ਹੱਥ ਨਵਦੀਪ ਦੇ ਸਿਰ ‘ਤੇ ਹੈ।
ਇਸ ਦੌਰਾਨ ਉਨ੍ਹਾਂ ਕੇਂਦਰੀ ਏਸੀਪੀ ਨਿਰਮਲ ਸਿੰਘ ‘ਤੇ ਵੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਨਵਦੀਪ ਦੇ ਤਬਾਦਲੇ ਦੇ ਮਾਮਲੇ ਵਿੱਚ ਏ.ਸੀ.ਪੀ.ਵੀ ਸ਼ਾਮਲ ਸੀ। ਮਜੀਠੀਆ ਨੇ ਏਸੀਪੀ ਦੇ ਨਵਦੀਪ ਨਾਲ ਸਬੰਧਾਂ ਨੂੰ ਲੈ ਕੇ ਕਈ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਨਵਦੀਪ ਨੂੰ ਭਗੌੜੇ ਹੋਏ 25 ਦਿਨ ਹੋ ਗਏ ਹਨ ਪਰ ਅਜੇ ਤੱਕ ਉਸ ਦੀ ਸਨਮਾਨਿਤ ਕਰਨ ਵਾਲੀ ਫੋਟੋ ਥਾਣੇ ਤੋਂ ਨਹੀਂ ਹਟਾਈ ਗਈ।