ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਿਚਾਲੇ ਇੱਕ ਵਾਰ ਫਿਰ ਸ਼ਬਦੀ ਜੰਗ ਛਿੜ ਗਈ ਹੈ। ਸ਼ਨੀਵਾਰ ਨੂੰ ਜਲੰਧਰ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ CM ਮਾਨ ਨੇ ਬਿਕਰਮ ਮਜੀਠੀਆ ਵੱਲੋਂ ਸਬ-ਇੰਸਪੈਕਟਰਾਂ ਦੀ ਭਰਤੀ ‘ਚ ਹਰਿਆਣਾ ਦੇ ਨੌਜਵਾਨਾਂ ਦੇ ਨਾਂ ਦਾ ਜ਼ਿਕਰ ਕਰਨ ‘ਤੇ ਜਵਾਬ ਦਿੱਤਾ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਮਜੀਠੀਆ ਹਾਊਸ ‘ਚ ਜਨਰਲ ਡਾਇਰ ਲਈ ਰੱਖੇ ਗਏ ਡਿਨਰ ਅਤੇ ਪੰਜਾਬੀ ਭਾਸ਼ਾ ‘ਤੇ ਤੰਜ ਕੱਸਿਆ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਇੱਕ ਮਹੀਨੇ ਅੰਦਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਮਜੀਠੀਆ ਨੇ ਪਲਟਵਾਰ ਕੀਤਾ ਹੈ। ਮਜੀਠੀਆ ਨੇ ਕਿਹਾ ਹੈ ਕਿ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡਣ ਵਾਲਾ ਅੱਜ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿੱਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ।
ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਲਿਖਿਆ ਹੈ….ਪੰਜਾਬੀਆਂ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਜਿਸ ਵਿਅਕਤੀ ਨੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਹੋਵੇ, ਉਹ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਭਗਵੰਤ ਮਾਨ ਜੀ ਪੰਜਾਬੀਆਂ ਨੇ 2022 ਵਿੱਚ ਤੁਹਾਡੇ ’ਤੇ ਇਸ ਕਰਕੇ ਵਿਸਾਹ ਕਰ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਤੁਸੀਂ ਸੂਬੇ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਵੋਗੇ। ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿੱਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ।
ਮੁੱਖ ਮੰਤਰੀ ਦੇ ਇਸ ਬਿਆਨ ਦੀ ਨਿੰਦਾ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਬ-ਇੰਸਪੈਕਟਰਾਂ ਦੀਆਂ ਨਿਯੁਕਤੀਆਂ ਵਿੱਚ ਦੇਰੀ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ। ਪਰ ਉਨ੍ਹਾਂ ਦੀ ਸਰਕਾਰ ਵੱਲੋਂ ਸੁਸ਼ੋਭਿਤਵੀਰ ਸਿੰਘ ਨੂੰ ਇਸ ਪ੍ਰਕਿਰਿਆ ਵਿੱਚ ਭਰਤੀ ਕਰਨ ਦੀ ਜਲਦਬਾਜ਼ੀ ਕਾਰਨ ਨਿਯੁਕਤੀਆਂ ਵਿੱਚ ਦੇਰੀ ਹੋਈ ਹੈ। ਭਗਵੰਤ ਮਾਨ ਸੂਬੇ ਦੇ ਮਾਮਲਿਆਂ ਵਿੱਚ ਹਰ ਚੀਜ਼ ਨੂੰ ਕਾਮੇਡੀ ਵਜੋਂ ਲੈ ਰਹੇ ਹਨ। ਪਰ ਉਹ ਇਹ ਸਮਝਣ ਵਿੱਚ ਅਸਫਲ ਰਿਹਾ ਹੈ ਕਿ ਉਸਨੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ ਅਤੇ ਉਹ ਇੱਕ ਧੋਖੇਬਾਜ਼ ਸਾਬਤ ਹੋਇਆ ਹੈ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਤਕ ਤੌਰ ‘ਤੇ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਰਾਜ ਚਲਾਉਣ ਦਾ ਕੋਈ ਗਿਆਨ ਨਹੀਂ ਹੈ। ਇਸੇ ਲਈ ਉਨ੍ਹਾਂ ਨੇ ਸੂਬੇ ਦੇ ਤਿੰਨ ਦਿਨਾਂ ਦੌਰੇ ‘ਤੇ ਆ ਰਹੇ ਅਰਵਿੰਦ ਕੇਜਰੀਵਾਲ ਸਮੇਤ ਦਿੱਲੀ ਦੀ ਲੀਡਰਸ਼ਿਪ ਨੂੰ ਪੂਰਾ ਕਾਰਜਕਾਲ ਸੌਂਪ ਦਿੱਤਾ ਹੈ।
ਮਜੀਠੀਆ ਨੇ ਸੀਐਮ ਮਾਨ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਕਿਸੇ ਹੋਰ ਮੁੱਖ ਮੰਤਰੀ ਨੂੰ ਕਿਸੇ ਸੂਬੇ ਦਾ ਦੌਰਾ ਕਰਨ ਲਈ ਇਸ ਨੂੰ ਚਲਾਉਣ ਦੇ ਤਰੀਕੇ ਬਾਰੇ ਸੇਧ ਲੈਣ ਲਈ ਦੇਖਿਆ ਹੈ। ਮਜੀਠੀਆ ਨੇ ਭਗਵੰਤ ਮਾਨ ਨੂੰ ਰਾਜ ਚਲਾਉਣ ਲਈ ਗੰਭੀਰ ਹੋਣ ਦੀ ਸਲਾਹ ਦਿੱਤੀ ਹੈ।
ਦਰਅਸਲ ਪੰਜਾਬ ਪੁਲਿਸ ਦੇ 560 ਸਬ-ਇੰਸਪੈਕਟਰਾਂ ਨੂੰ ਨਿਯੁਕਤ ਪੱਤਰ ਵੰਡਣ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਹਮੇਸ਼ਾ ਪੰਜਾਬ ਨੂੰ ਦੇਸ਼ ਦਾ ਅੱਵਲ ਸੂਬਾ ਬਣਾਉਣ ਦੇ ਸੁਪਨੇ ਸੰਜੋਏ ਹਨ। ਮੈਨੂੰ ਪੰਜਾਬ ਤੇ ਪੰਜਾਬੀਆਂ ਪ੍ਰਤੀ ਮੁਹੱਬਤ ਦਾ ਪ੍ਰਗਟਾਵਾ ਕਰਨ ਲਈ ਕਿਸੇ ਪਾਸੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।”
ਮੁੱਖ ਮੰਤਰੀ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਤੇ ਕਾਂਗਰਸੀ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਮਹੀਨੇ ਦੇ ਅੰਦਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸ ਕਰਨ ਦੀ ਚੁਣੌਤੀ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨੇਤਾ ਸਨਾਵਰ ਤੇ ਦੂਨ ਵਰਗੇ ਸਕੂਲ ਤੋਂ ਪੜ੍ਹੇ ਹੋਏ ਹਨ ਜਿਸ ਕਰਕੇ ਇਹ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਹੀ ਨਹੀਂ ਕਰ ਸਕਦੇ।