Punjab

‘ਤਾਨਾਸ਼ਾਹ ਭਗਵੰਤ ਮਾਨ ਦੀ ਹਾਰ’! ‘ਪੰਚਾਇਤਾਂ ‘ਤੇ ਲਏ ਇੱਕ ਹੋਰ ਫੈਸਲੇ ‘ਤੇ U-TURN’!

ਬਿਉਰੋ ਰਿਪੋਰਟ : ਪੰਜਾਬ ਸਰਕਾਰ ਪੰਚਾਇਤਾਂ ਨੂੰ ਭੰਗ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੇ ਬਾਅਦ ਤੋਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ । 31 ਅਗਸਤ ਨੂੰ ਸਾਰੀਆਂ ਪੰਚਾਇਤਾਂ ਨਾਲ ਜੁੜੇ ਬੈਂਕ ਖਾਤਿਆਂ ਨੂੰ ਫ੍ਰੀਜ ਕਰਨ ਦੇ ਆਦੇਸ਼ ਦਿੱਤੇ ਗਏ ਸਨ । ਪਰ ਕੁਝ ਘੰਟੇ ਬਾਅਦ ਇਹ ਹੁਕਮ ਵਾਪਸ ਵੀ ਲਏ ਗਏ। ਜਿਸ ‘ਤੇ ਵੀ ਸਾਰੀ ਵਿਰੋਧੀ ਪਾਰਟੀਆਂ ਨੇ ਆਪ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ।

ਦਰਅਸਲ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤਾਂ ਨੂੰ ਭੰਗ ਕਰਨ ਦੇ ਐਲਾਨ ਕਰ ਦਿੱਤਾ ਗਿਆ ਸੀ । ਪਰ ਸਮੇਂ ਤੋਂ 6 ਮਹੀਨੇ ਪਹਿਲਾਂ ਅਜਿਹਾ ਕਰਨ ‘ਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕੀਤਾ ਸੀ । ਇਸ ਦੌਰਾਨ 31 ਅਗਸਤ ਦੀ ਸਵੇਰ ਹੀ ਹੁਕਮਾਂ ‘ਤੇ ਹਸਤਾਖਰ ਹੋਏ ਜੋ ਕਿ ਸਾਰੇ ਡਿਵੀਜਨਲ ਡਿਪਟੀ ਡਾਇਰੈਕਟਰ ਪੰਚਾਇਤ,ਵਾਧੂ ਡਿਪਟੀ ਕਮਿਸ਼ਨਰ ਵਿਕਾਸ,ਜ਼ਿਲ੍ਹਾਂ ਵਿਕਾਸ ਅਤੇ ਪੰਚਾਇਤ ਆਫਿਸਰ ਅਤੇ ਜੋਨਲ/ਰੀਜਨਲ ਹੈੱਡ ਅਤੇ ਬਰਾਂਚ ਮੈਨੇਜਰ ਨੂੰ ਭੇਜ ਦਿੱਤੇ ਗਏ ।

ਇਨ੍ਹਾਂ ਹੁਕਮਾਂ ਵਿੱਚ ਸਾਫ ਲਿਖਿਆ ਸੀ ਕਿ ਪੰਚਾਇਤਾਂ,ਜ਼ਿਲ੍ਹਾਂ ਪਰਿਸ਼ਦ ਭੰਗ ਹੋ ਚੁੱਕੀ ਹੈ,ਅਜਿਹੇ ਵਿੱਚ ਸਾਰੇ ਬੈਂਕ ਖਾਤਿਆਂ ਤੋਂ ਲੈਣ-ਦੇਣ ‘ਤੇ ਰੋਕ ਦਿੱਤਾ ਗਿਆ ਹੈ । ਇਨ੍ਹਾਂ ਬੈਂਕਾਂ ਤੋਂ ਸਿਰਫ਼ ਤਨਖਾਹ ਦੇਣ ਦੀ ਇਜਾਜ਼ਤ ਹੈ । ਇਨ੍ਹਾਂ ਹੀ ਨਹੀਂ ਇਹ ਹੁਕਮ ਸਾਰੇ ਬੈਂਕ ਬਰਾਂਚਾ ਨੂੰ ਫੌਰਨ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਸਨ ।

ਕੁਝ ਘੰਟਿਆਂ ਵਿੱਚ ਜਾਰੀ ਹੋਇਆ ਦੂਜਾ ਆਦੇਸ਼

ਇਨ੍ਹਾਂ ਆਦੇਸ਼ਾਂ ਦੇ ਜਾਰੀ ਹੋਣ ਦੇ ਕੁਝ ਹੀ ਘੰਟਿਆਂ ਵਿੱਚ ਦੂਜਾ ਆਦੇਸ਼ ਡਿਵੀਜਨਲ ਡਿਪਟੀ ਡਾਇਰੈਕਟਰ ਪੰਚਾਇਤ,ਵਾਧੂ ਡਿਪਟੀ ਕਮਿਸ਼ਨਰ ਵਿਕਾਸ,ਜ਼ਿਲ੍ਹਾਂ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਜਾਰੀ ਕੀਤਾ ਗਿਆ ਹੈ । ਇਸ ਵਿੱਚ 12 ਅਗਸਤ ਨੂੰ ਪੰਚਾਇਤ ਜ਼ਿਲ੍ਹਾ ਪਰਿਸ਼ਦ ਨੂੰ ਭੰਗ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦਾ ਹਵਾਲਾ ਦਿੱਤਾ ਗਿਆ ਸੀ । ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਦਿੱਤੇ ਗਏ ਹੁਕਮ ਵਾਪਸ ਲਏ ਜਾਂਦੇ ਹਨ । ਯਾਨੀ ਕਿ ਪਹਿਲਾਂ ਵਾਂਗ ਬੈਂਕ,ਪੰਚਾਇਤਾਂ ਅਤੇ ਜ਼ਿਲ੍ਹਾ ਪਰਿਸ਼ਦ ਲੈਣ-ਦੇਣ ਕਰ ਸਕਣਗੀਆਂ।

ਮਜੀਠੀਆ ਨੇ ਦੱਸਿਆ U-TURN

ਇੱਕ ਦਿਨ ਵਿੱਚ 2 ਹੁਕਮਾਂ ਦੇ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਲਗਾਇਆ । ਉਨ੍ਹਾਂ AAP ਸਰਕਾਰ ਨੂੰ U-TURN ਵਾਲੀ ਸਰਕਾਰ ਤੱਕ ਕਹਿ ਦਿੱਤਾ । ਉਨ੍ਹਾਂ ਨੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ‘ਲੋਕਾਂ ਦੀ ਜਿੱਤ,ਤਾਨਾਸ਼ਾਹ ਭਗਵੰਤ ਮਾਨ ਦੀ ਹਾਰ,ਪੰਜਾਬਿਆਂ ਦੇ ਦਬਾਅ ਦੇ ਅੱਗੇ ਤਾਨਾਸ਼ਾਹ ਨੇ ਹਾਰ ਮੰਨੀ, AAP ਦਾ ਇੱਕ ਹੋਰ U-TURN’ ।