ਦਿੱਲੀ : united world wrestling ਨੇ Wrestling Federation of India ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਅਜਿਹਾ 45 ਦਿਨਾਂ ਵਿੱਚ ਚੋਣਾਂ ਨਾ ਕਰਵਾਉਣ ਕਾਰਨ ਹੋਇਆ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 12 ਅਗਸਤ ਨੂੰ ਪ੍ਰਸਤਾਵਿਤ ਸਨ। ਪਰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਚੋਣਾਂ ‘ਤੇ ਰੋਕ ਲਾ ਦਿੱਤੀ ਸੀ। ਇਸ ਫੈਸਲੇ ਕਾਰਨ ਪਹਿਲਵਾਨਾਂ ਨੂੰ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਝੰਡੇ ਹੇਠ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਾਲੀ ਐਡਹਾਕ ਕਮੇਟੀ ਵੱਲੋਂ ਵਿਸ਼ਵ ਕੁਸ਼ਤੀ ਮਹਾਸੰਘ ਵੱਲੋਂ 45 ਦਿਨਾਂ ਅੰਦਰ ਚੋਣਾਂ ਕਰਵਾਉਣ ਦੀ ਸਮਾਂ ਸੀਮਾ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਭਾਰਤੀ ਪਹਿਲਵਾਨਾਂ ਨੂੰ 16 ਸਤੰਬਰ ਤੋਂ ਸ਼ੁਰੂ ਹੋ ਰਹੀ ਓਲੰਪਿਕ-ਕੁਆਲੀਫਾਇੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ‘ਨਿਰਪੱਖ ਅਥਲੀਟਾਂ’ ਵਜੋਂ ਮੁਕਾਬਲਾ ਕਰਨਾ ਹੋਵੇਗਾ।
ਦੱਸ ਦੇਈਏ ਕਿ ਭਾਰਤੀ ਓਲੰਪਿਕ ਸੰਘ ਨੇ 27 ਅਪ੍ਰੈਲ ਨੂੰ ਇੱਕ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਸ ਕਮੇਟੀ ਨੇ 45 ਦਿਨਾਂ ਦੇ ਅੰਦਰ-ਅੰਦਰ ਭਾਰਤੀ ਕੁਸ਼ਤੀ ਮਹਾਸੰਘ ਦੀਆਂ ਚੋਣਾਂ ਕਰਵਾਉਣੀਆਂ ਸਨ, ਪਰ ਕਮੇਟੀ ਅਜਿਹਾ ਕਰਨ ਵਿੱਚ ਅਸਫਲ ਰਹੀ।
ਯੂਨਾਈਟਿਡ ਵਰਲਡ ਰੈਸਲਿੰਗ ਨੇ 28 ਅਪ੍ਰੈਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੋਣਾਂ ਕਰਵਾਉਣ ਦੀ ਸਮਾਂ ਸੀਮਾ ਦਾ ਸਨਮਾਨ ਨਾ ਕੀਤਾ ਗਿਆ ਤਾਂ ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁਅੱਤਲ ਕਰ ਸਕਦੀ ਹੈ। ਆਈਓਏ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “UWW” ਨੇ ਬੁੱਧਵਾਰ ਰਾਤ ਨੂੰ ਐਡਹਾਕ ਕਮੇਟੀ ਨੂੰ ਸੂਚਿਤ ਕੀਤਾ ਕਿ ਡਬਲਯੂਐਫਆਈ ਨੂੰ ਉਸਦੀ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਅਸਲ ਵਿੱਚ, ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 7 ਮਈ ਨੂੰ ਹੋਣੀਆਂ ਸਨ ਪਰ ਖੇਡ ਮੰਤਰਾਲੇ ਨੇ ਇਸ ਪ੍ਰਕਿਰਿਆ ਨੂੰ ਅਯੋਗ ਕਰਾਰ ਦੇ ਦਿੱਤਾ। ਵੱਖ-ਵੱਖ ਰਾਜ ਕੁਸ਼ਤੀ ਸੰਘਾਂ ਨੇ ਚੋਣਾਂ ਵਿਚ ਹਿੱਸਾ ਲੈਣ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ ਹੈ। ਇਹੀ ਕਾਰਨ ਹੈ ਕਿ ਕੁਸ਼ਤੀ ਸੰਘ ਦੀਆਂ ਚੋਣਾਂ ਵਿੱਚ ਦੇਰੀ ਹੋ ਰਹੀ ਹੈ।