ਸੁਰੱਖਿਆ ਏਜੰਸੀਆਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਇੱਕ ਹੋਰ ਵਿਅਕਤੀ ਧਰਮਜੋਤ ਸਿੰਘ ਕਾਹਲੋਂ ਨੂੰ ਕੈਲੀਫੋਰਨੀਆ, ਅਮਰੀਕਾ ਤੋਂ ਭਾਰਤ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਅਜ਼ਰਬਾਈਜਾਨ ਤੋਂ ਲਿਆਂਦਾ ਗਿਆ ਸਚਿਨ ਬਿਸ਼ਨੋਈ ਸੁਰੱਖਿਆ ਏਜੰਸੀਆਂ ਦੀ ਪੁੱਛਗਿੱਛ ‘ਚ ਕਈ ਖੁਲਾਸੇ ਕਰ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਹਥਿਆਰ ਕਾਹਲੋਂ ਨੇ ਹੀ ਮੁਹੱਈਆ ਕਰਵਾਏ ਸਨ।
ਕਾਹਲੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਹਨ। ਧਰਮਜੋਤ ਖਿਲਾਫ ਲੁੱਕਆਊਟ ਸਰਕੂਲਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਧਰਮਜੋਤ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਵੀ ਕਰੀਬੀ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਹੁਣ ਤੱਕ ਵਿਦੇਸ਼ਾਂ ਤੋਂ ਦੋ ਮੁਲਜ਼ਮਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸਚਿਨ ਬਿਸ਼ਨੋਈ ਅਤੇ ਬਿਕਰਮ ਬਰਾੜ ਦੇ ਨਾਂ ਸ਼ਾਮਲ ਹਨ।
ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਵੀ ਯਤਨ ਜਾਰੀ ਹਨ। ਦੂਜੇ ਪਾਸੇ ਪੰਜਾਬ ‘ਚ ਕੁਝ ਦਿਨ ਪਹਿਲਾਂ ਹੀ ਵੱਖ-ਵੱਖ ਥਾਵਾਂ ‘ਤੇ ਹਥਿਆਰਾਂ ਦੀ ਖੇਪ ਫੜੀ ਗਈ ਹੈ। ਕੀ ਕਾਹਲੋਂ ਨੇ ਇਹ ਖੇਪ ਮੰਗਵਾਈ ਹੈ? ਪੁਲਿਸ ਇਸ ਦਿਸ਼ਾ ਵਿੱਚ ਵੀ ਜਾਂਚ ਕਰ ਰਹੀ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਸਿੱਧੂ ਦੇ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੈਂਗਸਟਰਾਂ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਇੱਕ ਰਾਜਨੇਤਾ ਦੇ ਘਰ ਦੇ ਫਾਰਮ ਹਾਊਸ ਵਿੱਚ ਹਥਿਆਰਾਂ ਦੀ ਸਿਖਲਾਈ ਲਈ ਸੀ। ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਸੀ। NIA ਲਗਾਤਾਰ ਸਚਿਨ ਤੋਂ ਪੁੱਛਗਿੱਛ ਕਰ ਰਹੀ ਹੈ।