ਕੈਨੇਡਾ : ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਲੱਖਾਂ ਨੌਜਵਾਨ ਹਰ ਸਾਲ ਪੰਜਾਬ ਵਿੱਚੋਂ ਵਿਦੇਸ਼ਾਂ ਵਿੱਚ ਜਾ ਰਹੇ ਹਨ। ਚੰਗੇ ਭਵਿੱਖ ਦੀ ਤਲਾਸ਼ ਵਿੱਚ ਸੱਤ ਸਮੁੰਦਰੋਂ ਪਾਰ ਗਏ ਨੌਜਵਾਨਾਂ ਨਾਲ ਵਾਪਰ ਰਹੀਆਂ ਘਟਨਾਵਾਂ ਵੀ ਚਿੰਤਾ ਦਾ ਵਿਸ਼ਾ ਹੈ। ਇੱਕ ਬਾਰ ਫਿਰ ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਜਸਮੀਨ ਕੌਰ ਗੌਂਦਾਰਾ (21) ਵਾਸੀ ਜਲਾਲ (ਬਠਿੰਡਾ) ਦਾ ਪਿਛਲੇ ਸਾਲ ਹੀ 5 ਅਗਸਤ ਨੂੰ ਸਤਵਿੰਦਰ ਸਿੰਘ ਵਾਸੀ ਵਾਂਦਰ (ਫ਼ਰੀਦਕੋਟ) ਨਾਲ ਵਿਆਹ ਹੋਇਆ ਸੀ। ਇਸ ਉਪਰੰਤ ਉਹ 25 ਅਗਸਤ ਨੂੰ ਪੜ੍ਹਾਈ ਕਰਨ ਲਈ ਕੈਨੇਡਾ ਚਲੀ ਗਈ ਸੀ। ਪਰਿਵਾਰ ਅਨੁਸਾਰ ਮ੍ਰਿਤਕ ਜਸਮੀਨ ਕੌਰ ਕੈਨੇਡਾ ‘ਚ ਸ਼ਾਮ ਵਕਤ ਆਪਣੇ ਘਰ ਵਾਪਸ ਪਰਤਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਗੰਭੀਰ ਰੂਪ ਵਿਚ ਜ਼ਖ਼ਮੀ ਜਸਮੀਨ ਕੌਰ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ, ਪਰੰਤੂ ਸੱਟਾਂ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਜਸਮੀਨ ਕੌਰ ਦੀ ਮੌਤ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੜਕੀ ਦਾ ਵਿਆਹ ਕਰਕੇ ਉਸ ਨੂੰ ਵਿਦੇਸ਼ ਭੇਜਿਆ ਗਿਆ ਸੀ। ਲੜਕੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹੈ।
ਹਰੇਕ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ-ਕੁੜੀਆਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਜਾਂਦੇ ਹਨ ਤੇ ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉੱਥੇ ਜਾ ਕੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨਗੇ ਤੇ ਆਪਣਾ ਭਵਿੱਖ ਉੱਜਵਲ ਬਣਾਉਣਗੇ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਡਲੇ ਜਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।